ਮੈਂ ਜ਼ਖ਼ਮ ਹਾਂ,
ਲਾਲ ਸੂਹਾ
ਧੁਖਦਾ ਹੋਇਆ
ਇੱਕ ਜ਼ਖ਼ਮ
ਜਿਸਨੂੰ ਤੂੰ
ਆਪ ਕੁਰੇਦਦਾ ਰਿਹਾ
ਹਰ ਬਾਰ ਕੁਰੇਦਦਾ ਰਿਹਾ
ਤੇ ਜਿਸਦੀ ਚੀਸ
ਤੂੰ ਸਿਆਹੀ ਬਣਾ ਕੇ ਲੈ ਗਿਆ
ਜ਼ਖ਼ਮ ਬਸ ਜ਼ਖ਼ਮ ਹੁੰਦਾ ਹੈ
ਜ਼ਖਮਾਂ ਵਲ ਵੇਖਿਆ ਨਹੀਂ ਜਾਂਦਾ
ਪਰ ਜ਼ਖ਼ਮ ਜ਼ਰੂਰੀ ਹੈ
ਹੋਂਦ ਲਈ
ਸ਼ਾਇਰਾਂ ਦੀ, ਡਾਕਟਰਾਂ ਦੀ
ਤਾਂ ਕਿ ਦੋਵੇਂ ਜੀ ਸਕਣ
ਜ਼ਖ਼ਮ ਨੂੰ ਤਾਜ਼ਾ ਰੱਖ ਕੇ
ਕਦੇ ਪਿਆਰ ਦੀਆਂ ਸ਼ਿਲਤਰਾਂ ਚੁਭੋ ਕੇ
ਤੇ ਕਦੇ ਨਫਰਤ ਦੇ ਖੰਜਰ
ਮੇਰਾ ਰਿਸਦੇ ਰਹਿਣਾ ਜ਼ਰੂਰੀ ਹੈ
ਸੂਝਵਾਨਾਂ ਲਈ
ਹੁਕਮਰਾਨਾਂ ਲਈ
ਸ਼ਰਾਬਖਾਨੇ ਲਈ
ਸਰਹੱਦਾਂ ਲਈ
ਕੁਰਬਾਨੀਆਂ ਲਈ
ਕਹਾਣੀਆਂ ਲਈ
ਗੀਤਾਂ ਲਈ
ਤੇ ਸੱਚ ਜਾਣੀ
ਤੇਰੇ ਚਲੇ ਜਾਣਦੇ ਸਾਲਾਂ ਬਾਅਦ ਵੀ
ਮੈਂ ਤੇਰੀ ਸਿਆਹੀ ਲਈ
ਖੁਦ ਨੂੰ ਭਰਨ ਨਹੀਂ ਦਿੱਤਾ
ਤੇ ਤੇਰੀ ਯਾਦ ਨਾਲ ਖੁਦ ਨੂੰ
ਹਰ ਰੋਜ਼ ਕੁਰੇਦਿਆ ਹੈ
ਕਿ ਕੀਤੇ ਤੂੰ ਆਵੇਂ
ਤੇ ਮੇਰੇ ਕੋਲ ਦਰਦ
ਕੁਝ ਘੱਟ ਨਾ ਪੈ ਜਾਵੇ