Saturday, October 31, 2009

akk da buta

ਮੈਂ ਹਾਂ ਬੂਟਾ ਅੱਕ ਦਾ, ਮੈਂ ਹਾਂ ਬੂਟਾ ਸੱਚ ਦਾ
ਤੁਸੀਂ ਮੈਨੂੰ ਮਾੜਾ ਕਹਿੰਦੇ ਹੋ, ਕਿਉਂ ਮੈਨੂੰ ਕੋਸਦੇ ਰਹਿੰਦੇ ਹੋ??
ਸਮਝਾਂ ਨਾ ਦਸਤੂਰ ਹੈ ਕੀ, ਆਖਿਰ ਮੇਰਾ ਕਸੂਰ ਹੈ ਕੀ???
ਮੈਂ ਵੀ ਅੰਸ਼ ਹਾਂ ਕੁਦਰਤ ਦਾ, ਕਿਉਂ ਦੂਰ ਮੇਰੇ ਤੋਂ ਰਹਿੰਦੇ ਹੋ??
ਤੁਸੀਂ ਆਖਦੇ ਹੋ ਮੈਂ ਕੌੜਾ ਹਾਂ ,ਸੱਚ ਵੀ ਤਾਂ ਕੌੜਾ ਹੁੰਦਾ ਹੈ
ਪਰ ਭਰੇ ਝੂਠ ਦੀ ਹਾਮੀ ਜੋ , ਸੱਚ ਤੋਂ ਤਾਂ ਭਗੌੜਾ ਹੁੰਦਾ ਹੈ
ਮੇਰੇ ਵੱਲ ਕੌੜਾ ਤੱਕਦੇ ਹੋ
ਫਿਰ ਸੋਚੋ ਜ਼ਹਿਰ ਹੈ ਕੀਹਦੇ ਵਿੱਚ??
ਖੁਦ ਆਪਣਾ ਆਪਾ ਮਾਰ ਲੈਂਦੇ
ਫਿਰ ਸੋਚੋ ਕਹਿਰ ਹੈ ਕੀਹਦੇ ਵਿੱਚ??
ਮੈਂ ਤਾਂ ਆਪਣੀ ਹੋਂਦ ਲਈ , ਹਾਲਾਤਾਂ ਦੇ ਨਾਲ ਭਿੜਦਾ ਹਾਂ
ਮਾਣ ਹੈ ਮੈਨੂੰ ਕਿ ਮੈਂ ਮਾਰੂਥਲ ਵਿੱਚ ਖਿੜਦਾ ਹਾਂ
ਆਪਣੇ ਦਿਲ ਦੇ ਵਲਵਲੇ ਕਿਉਂ ਕੁਦਰਤ ਉੱਤੇ ਲੱਦਦੇ ਹੋ??
ਖੁਦ ਦਿੱਤੇ ਜ਼ਖਮ ਤਾਂ ਤੱਕਦੇ ਨਾ , ਕੰਡਿਆਂ ਨੂੰ ਤੁਸੀਂ ਭੰਡਦੇ ਹੋ
ਕੰਡੇ ਤਾਂ ਹੁੰਦੇ ਵਫਾਦਾਰ ਨਾ ਕੋਈ ਗੁਸਤਾਖੀ ਕਰਦੇ ਨੇ
ਇਹ ਤਾਂ ਚੋਰ ਹੱਥਾਂ ਤੋਂ ਫੁੱਲਾਂ ਦੀ ਰਾਖੀ ਕਰਦੇ ਨੇ
ਹੁਣ ਤੁਸੀਂ ਸੋਚੋ ਅੱਜ ਤੱਕ, ਕਿਸਦੇ ਨਾਲ ਵਫਾ ਨਿਭਾਈ ਏ?
ਇਹ ਵੀ ਸੋਚੋ ਕਿਸ ਜੁਰਮ ਦੀ ਸਾਨੂੰ ਸਜ਼ਾ ਸੁਣਾਈ ਏ

ਹੁਣ ਵਾਰੀ ਆਉਂਦੀ ਪੱਥਰਾਂ ਦੀ, ਕਠੋਰ ਜਿਸਨੂੰ ਕਹਿੰਦੇ ਹੋ
ਨਾ ਭੁੱਲੋ ਕਿ ਤੁਸੀਂ ਓਸੇ ਦੀ ਛਾਂ ਦੇ ਹੇਠਾਂ ਰਹਿੰਦੇ ਹੋ
ਜੇ ਖੁਦ ਇਸ ਨੂੰ ਤਰਾਸ਼ ਲਵੋ, ਤਾਂ ਦੇਵਤਾ ਇਸਨੂੰ ਕਹਿੰਦੇ ਹੋ
ਜੇ ਉਂਝ ਸੜਕ ਤੇ ਪਿਆ ਮਿਲੇ, ਤਾਂ ਕੌੜਾ ਕੌੜਾ ਵੇਂਹਦੇ ਹੋ
ਪੱਥਰ ਤੋਂ ਵੀ ਵੱਧ ਕਠੋਰ ਦਿਲ ਤੇਰਾ ਇਨਸਾਨਾਂ ਵੇ
ਐਵੇਂ ਨਾ ਕੁਦਰਤ ਭੰਡਿਆ ਕਰ , ਸੁਣ ਲੈ ਗੱਲ ਬੇਇਮਾਨਾਂ ਵੇ
ਉਂਝ ਫੁੱਲ ਕਲੀਆਂ ਸਲਾਹੇਂ ਤੂੰ, ਪਰ ਉਹਨਾਂ ਨੂੰ ਕਦ ਛੱਡਦਾ ਏਂ
ਝੂਠੇ ਇਜ਼ਹਾਰੇ ਪਿਆਰ ਲਈ, ਜਾਨ ਫੁੱਲਾਂ ਦੀ ਕੱਢਦਾ ਏਂ
ਸਾਰੀ ਕੁਦਰਤ ਸਾਜੀ ਜਿਸਨੇ , ਉਹਨੂੰ ਥੋੜ ਕੀ ਫੁੱਲਾਂ ਦੀ
ਉਹ ਤੇਰੀ ਭਗਤੀ ਨੂੰ ਜਾਚੇ,ਉਸਨੂੰ ਲੋੜ ਨੀ ਮੁੱਲਾਂ ਦੀ
ਜਿਹੜਾ ਤੈਨੂੰ ਦੁੱਧ ਪਿਲਾਵੇ , ਤੂੰ ਓਸੇ ਨੂੰ ਡੰਗਦਾ ਏਂ
ਤੈਨੂੰ ਤੇਰਾ ਅਕਸ ਦਿਖਾਵਾਂ ਤਾਂਹੀ ਮੈਨੂੰ ਭੰਡਦਾ ਏਂ
ਹਾਂ ਮੈਨੂੰ ਤਾਂ ਭੰਡੇਂਗਾ ਹੀ , ਜਦ ਸੱਚ ਕੋਲੋਂ ਤੂੰ ਡਰਦਾ ਏਂ
ਕਿੰਝ ਸੱਚ ਪਰਵਾਨ ਕਰੇਂਗਾ ਤੂੰ, ਜਦ ਹਾਮੀ ਝੂਠ ਦੀ ਭਰਦਾ ਏਂ
ਮੈਨੂੰ ਤਰਸ ਆਉਂਦਾ ਏ ਤੇਰੇ ਤੇ ਤੇਰੀ ਸੋਚ ਕਿਉਂ ਐਨੀ ਛੋਟੀ ਹੈ
ਕਹਿਣ ਨੂੰ ਸਰਵਉਤੱਮ ਜੂਨੀ,ਪਰ ਨੀਤ ਕਿਉਂ ਐਨੀ ਖੋਟੀ ਹੈ??
ਸੁਣ ਗੱਲ ਮੇਰੀ ਇਨਸਾਨਾ ਵੇ , ਦਿਲ ਵਿੱਚ ਪਿਆਰ ਵਸਾਉਣਾ ਸਿੱਖ
ਜੇਕਰ ਰੱਬ ਨੂੰ ਪਾਉਣਾ ਏ , ਪਹਿਲਾਂ ਕੁਦਰਤ ਨੂੰ ਅਪਨਾਉਣਾ ਸਿੱਖ

No comments:

Post a Comment