ਕਰਾਂ ਮੈਂ ਕਿੰਝ ਸਿਜਦਾ ਅਰਗਵਾਨੀ ਸਵੇਰ ਨੂੰ?
ਜਾਣ ਲੈ ਇਸਦੇ ਅੰਦਰ ਰਾਤਾਂ ਮੋਈਆਂ ਨੇ
ਇੱਕ ਰਾਤ ਹੀ ਤਾਂ ਹੁੰਦੀ ਏ ਸਾਥਣ ਕਿਸੇ ਦੇ ਦਰਦ ਦੀ
ਜਾਣ ਕਿ ਇਸ ਰਾਤ ਵਿੱਚ ਤਨਹਾਈਆਂ ਖੋਈਆਂ ਨੇ
ਨਾ ਹੋਣ ਦਿਓ ਸਹਿਰ ਰੋਕੋ ਆਫਤਾਬ ਨੂੰ
ਕਿ ਰੌਸ਼ਨੀ ਦੇ ਨਾਲ ਲੱਖਾਂ ਦਾਗ ਨੰਗੇ ਹੋਣਗੇ
ਕੱਜੇ ਰਹੇ ਅੱਜ ਤੱਕ ਰਾਤ ਦੀ ਚਾਦਰ ਦੇ ਓਹਲੇ
ਸੂਝਵਾਨ ਸੱਜਣਾਂ ਦੇ ਅਪਰਾਧ ਨੰਗੇ ਹੋਣਗੇ
ਦੇਖੀਂ ਨਾ ਦੀਪ ਜਾਲੀਂ ਕੋਈ ਮੇਰੇ ਸ਼ਹਿਰ ਵਿੱਚ
ਸੁੱਤੇ ਜੋ ਨੀਂਦ ਚੁੱਪ ਦੀ ਇਹ ਜਾਗ ਪੈਣਗੇ
ਦੇਖੀਂ ਨਾ ਕਿਧਰੇ ਅਲਖ ਕੋਈ ਜਗਾ ਦਈਂ ਇਸ ਸ਼ਹਿਰ ਵਿੱਚ
ਰਾਜ ਆਪਣਾ ਬੇਗਾਨਿਆਂ ਤੋਂ ਖੋ ਲੈਣਗੇ
ਬੋਲ ਕੇ ਨਾ ਤੋੜ ਤੂੰ ਮੌਤ ਦੀ ਇਸ ਚੁੱਪ ਨੂੰ
ਸਨਾਟਿਆਂ ਵਿੱਚ ਅਜੇ ਤੂੰ ਜੀਰਾਣਿ ਰਹਿਣ ਦੇ
ਕੋਸ਼ਿਸ਼ ਤੂੰ ਨਾ ਕਰ ਇਸ ਵਿੱਚ ਜ਼ਿੰਦਗੀ ਵਸਾਉਣ ਦੀ
ਮੇਰੇ ਸ਼ਹਿਰ ਨੂੰ ਅਜੇ ਸ਼ਮਸ਼ਾਨ ਰਹਿਣ ਦੇ
ਐ ਪਾਗਲ ਕਿਉਂ ਜਗਾ ਰਿਹਾ ਏਂ ਲੋਕਾਂ ਨੂੰ?
ਏ ਜਾਗ ਕਿਵੇਂ ਸਕਦੇ ਨੇ ਜਾਗਣਾ ਤਾਂ ਪਾਪ ਹੈ
ਵਰਜਿਤ ਹਨ ਇਨਾਂ ਲਈ ਚੇਤੰਨ ਸੋਚ ਤੇ ਉਜਾਲੇ
ਜਾਣ ਲੈਣਾ ਕੁਝ ਇੰਨਾ ਵਾਸਤੇ ਸਰਾਪ ਹੈ
ਗਵਾਰਾਂ ਨੂੰ ਕੀ ਫਰਕ ਪੈਂਦਾ ਚਿੜੀਆਂ ਦੀ ਮੌਤ ਤੇ
ਮੇਰੇ ਸ਼ਹਿਰ ਨੂੰ ਅਜੇ ਤੂੰ ਗਵਾਰ ਰਹਿਣ ਦੇ
ਕਿਸੇ ਦੇ ਲੱਗੀ ਅੱਗ ਦਾ ਸਾਨੂੰ ਭਲਾ ਏ ਸੇਕ ਕੀ
ਸਾਡੇ ਆਪਣੇ ਘਰੇ ਤਾਂ ਅੱਗ ਲੱਗ ਲੈਣ ਦੇ
ਅਰਸੇ ਬਾਦ ਲਿਖ ਲਈਂ ਬਦਲੀ ਕਹਾਣੀ ਸ਼ਹਿਰ ਦੀ
ਅਜੇ ਤਾਂ ਸਾਡੀ ਅਣਕਹੀ ਤੂੰ ਬਾਤ ਰਹਿਣ ਦੇ
ਕੋਸ਼ਿਸ਼ ਤੂੰ ਨਾ ਕਰ ਨਵੀਂ ਸਵੇਰ ਲਈ
ਐ ਮੇਰੇ ਹਮਦਰਦ ਅਜੇ ਰਾਤ ਰਹਿਣ ਦੇ
No comments:
Post a Comment