ਪੁੱਛਿਆ ਕਲਮ ਨੂੰ ਇੱਕ ਅੰਨੇ ਖਿਆਲ ਨੇ
ਕਿਉਂ ਦੱਬ ਆਈ ਸੀ ਤੂੰ ਮੈਨੂੰ ਡੂੰਘਾਈਆਂ ਦੇ ਵਿੱਚ
ਦਿਲ ਦੀ ਗਹਿਰਾਈ ਚੋਂ ਨਿਕਲ ਕੇ, ਤੇਰੇ ਤੱਕ ਪਹੁੰਚਣ ਲਈ
ਦੇਖ ਜ਼ਰਾ ਮੈਨੂੰ ਕਿੰਨੇ ਸਾਲ ਲੱਗ ਗਏ
ਰਾਹ ਦੀਆਂ ਠੋਕਰਾਂ ਨੇ ਮੈਨੂੰ ਬੁੱਢਾ ਤਾਂ ਕਰ ਦਿੱਤਾ
ਪਰ ਫੇਰ ਵੀ ਤੇਰੇ ਤੱਕ ਪਹੁੰਚ ਹੀ ਗਿਆ
ਮੇਰਾ ਆਪਣਾ ਵਜੂਦ ਤਾਂ ਹੁਣ ਨਿਢਾਲ ਹੋ ਗਿਆ
ਪਰ ਤੇਰੇ ਲਈ ਸੁਨੇਹੇ ਕਈ ਲੈ ਕੇ ਆਇਆਂ
ਪਹਿਲਾ ਸੁਨੇਹਾ ਹੈ ਕਿਸੇ ਦਿਲ ਦੇ ਦਰਦ ਦਾ
ਜਾਣ ਬੁੱਝ ਕੇ ਜਿਸਨੂੰ ਦਫਨਾਇਆ ਗਿਆ ਹੈ
ਪਿਆ ਹੈ ਅਜੇ ਵੀ ਕਬਰ ਵਿੱਚ ਜਿਊਂਦਾ
ਉਡੀਕਦਾ ਹੈ ਖਾਰੇ ਪਾਣੀ ਚ ਜਜ਼ਬ ਹੋਣ ਨੂੰ
ਚਾਹੁੰਦਾ ਹੈ ਕਿ ਤੂੰ ਧਰੇਂ ਉਸਨੂੰ ਕਾਗਜ਼ ਦੀ ਹਿੱਕ ਉੱਤੇ
ਮੋਹਿਤ ਹੋ ਹੰਝੂ ਕੋਈ ਅਪਨਾ ਲਵੇ ਉਸਨੂੰ
ਹੈ ਦੂਜਾ ਸੁਨੇਹਾ ਅਰਮਾਨਾਂ ਦੀ ਸੜ ਰਹੀ ਲਾਸ਼ ਦਾ
ਤੇਰੀ ਮਦਦ ਨਾਲ ਉਹ ਜੱਗ ਸਾਹਮਣੇ ਚਾਹੁੰਦੀ ਹੈ ਆਉਣਾ
ਫੈਲਾਉਣਾ ਚਾਹੁੰਦੀ ਹੈ ਆਪਣੇ ਸੜਨ ਦੀ ਬਦਬੂ
ਗਿਲਾਨੀ ਨਾਲ ਹੀ ਸ਼ਾਇਦ ਕੋਈ ਕਰ ਦੇਵੇ ਅੰਤਿਮ ਸੰਸਕਾਰ
ਤੀਜਾ ਸੁਨੇਹਾ ਹੈ ਇੱਕ ਅਧੂਰੇ ਸੁਪਨੇ ਦਾ
ਲਾ ਕੇ ਦਾਅ ਪਹੁੰਚਦਾ ਅੱਖਾਂ ਦੇ ਬੂਹੇ ਤੇ
ਰੂਪਵਾਨ ਹੋ ਮਨ ਵਿੱਚ ਤਾਰੀਆਂ ਤਾਂ ਲਾਉਂਦਾ
ਪਰ ਸੂਰਜ ਤੋਂ ਡਰ ਕੇ ਛੁਪ ਜਾਂਦਾ ਦਿਲ ਦੇ ਹਨੇਰੇ ਵਿੱਚ
ਚਾਹੁੰਦਾ ਹੈ ਕਿ ਤੂੰ ਹਨੇਰੇ ਤੋਂ ਲੈ ਕੇ ਸਿਆਹੀ
ਕਰ ਦੇਵੇਂ ਉਸਨੂੰ ਚਾਨਣਾਂ ਦੇ ਮੁਖਾਲਫਤ
ਪਰ ਅਫਸੋਸ ਤੇਨੂੰ ਦਰਦ ਲਿਖਣ ਦੀ ਜਾਚ ਹੀ ਨਹੀਂ
ਫੁਰਸਤ ਨਹੀਂ ਤੈਨੂੰ ਮਿੱਠੇ ਜ਼ਹਿਰ ਉਗਲਣ ਤੋਂ
ਸੱਚ ਦੇ ਨੰਗੇ ਪਿੰਡੇ ਤੇ ਝੂਠ ਦੇ ਲੀੜੇ ਪਹਿਨਾ ਕੇ
ਕੋਸ਼ਿਸ਼ ਕਰੇਂ ਰੋਕਣ ਦੀ ਅੰਗਿਆਰਾਂ ਨੂੰ ਸੁਲਗਣ ਤੋਂ
ਪਰ ਐ ਕਲਮ, ਮੈਂ ਖਿਆਲ ਹਾਂ
ਤੇਰੇ ਸਾਥ ਦਾ ਮੁਹਤਾਜ ਨਹੀਂ
ਪੰਛੀ ਤਾਂ ਸੀਖਾਂ ਪਿੱਛੇ ਡੱਕਿਆ ਜਾਂਦਾ
ਪਰ ਡੱਕੀ ਜਾਂਦੀ ਕਦੇ ਪਰਵਾਜ਼ ਨਹੀਂ
ਤੇਰੀ ਨੋਕ ਚੋਂ ਉੱਤਰੇ ਹਰ ਹਰਫ ਦੀ ਸਹੁੰ
ਤੈਨੂੰ ਝੂਠ ਲਈ ਮਰਦੀ ਮੈਂ ਤੱਕ ਨਹੀਂ ਸਕਦਾ
ਹੁਣ ਸਿਆਹੀ ਬਣ ਮੈਂ ਉੱਤਰਾਂਗਾ ਤੇਰੇ ਅੰਦਰ
ਕਰ ਦੇਵਾਂਗਾ ਮਜਬੂਰ ਤੈਨੂੰ ਸੱਚ ਉਗਲਣ ਲਈ
No comments:
Post a Comment