ਹਰ ਨਜ਼ਰ ਮੈਨੂੰ ਤਮਾ੍ ਲਗਦੀ ਏ
ਹਨੇਰਿਆਂ ਤੋਂ ਕਾਲੀ ਸ਼ਮਾ ਲਗਦੀ ਏ
ਚੁੱਲੇ ਦੀ ਬੁਝੀ ਅੱਗ ਨੂੰ ਫੋਲਦੀ ਨਜ਼ਰ
ਉਦਾਰੀ ਹੀ ਇੱਕ ਅੰਨ ਦੀ ਬੁਰਕੀ ਲੱਭਦੀ ਏ
ਮੌਤ ਦੀ ਹਵਾੜ ਸੁੰਘਦੀ ਇੱਕ ਨਾਸ
ਧਰਤੀ ਚੋਂ ਸੂਤਕ ਦੀ ਮਹਿਕ ਲੱਭਦੀ ਏ
ਕਿਸੇ ਬਰੂਟੀ ਉਹਲਿਉਂ ਜਹਿਰ ਵਿਲੱਸੀ ਨਾਗਣ
ਨੋਚਣ ਲਈ ਮਾਸੂਮ ਬੋਟ ਲੱਭਦੀ ਏ
ਸਾੜਨ ਲਈ ਆਪਣੀ ਖਿੱਚ ਦੀ ਅਗਨ ਵਿੱਚ ਇੱਕ ਲੋਅ
ਪਾਗਲ ਪਰਵਾਨੇ ਦਾ ਪਤਾ ਲੱਭਦੀ ਏ
ਸਣੇ ਗਮਾਂ ਦੇ ਖੁਦ ਉਸ ਵਿੱਚ ਡੁੱਬ ਜਾਣ ਲਈ
ਪਿਆਸੀ ਨਜ਼ਰ ਪੈਮਾਨਾ ਕੋਈ ਲੱਭਦੀ ਏ
ਬਿਰਹਾ ਕੁੱਠੀ ਨਾਰ ਇੱਕ ਸਰਦ ਰਾਤ ਵਿੱਚ
ਸਮਾਉਣ ਲਈ ਆਗੋਸ਼ ਕੋਈ ਲੱਭਦੀ ਏ
"ਮੀਤ" ਨੂੰ ਇਹੀ ਪਤਾ ਹੈ ਹਰ ਨਜ਼ਰ
ਆਪਣੇ ਆਪ ਦਾ ਹੀ ਪਤਾ ਲੱਭਦੀ ਏ
ਹਰ ਨਜ਼ਰ ਮੈਨੂੰ ਤਮਾ੍ ਲਗਦੀ ਏ
ਹਨੇਰਿਆਂ ਤੋਂ ਕਾਲੀ ਸ਼ਮਾ ਲਗਦੀ ਏ
No comments:
Post a Comment