੬੦ ਵਰੇ ਬੀਤੇ , ਹਰ ਵਰੇ ਇਸ ਦਿਨ
ਝੂਲਦਾ ਹੈ ਝੰਡਾ ਲਾਲ ਕਿਲੇ ਤੇ
ਜਸ਼ਨ ਮਨਾਉਂਦੇ ਹਾਂ ਅਸੀਂ ਅਜ਼ਾਦੀ ਦਿਵਸ ਦਾ
ਸਾਲ ਬਾਦ ਇਸ ਦਿਨ ਆਉਂਦਾ ਹੈ ਯਾਦ
ਕਿ ਸਾਨੂੰ ਮਿਲੀ ਹੈ ਅਜ਼ਾਦੀ
ਹਾਂ ਹਾਂ ਮਿਲੀ ਹੈ ਅਜ਼ਾਦੀ
ਬਖਤਾਵਰਾਂ ਨੂੰ ਮਿਲੀ ਜ਼ੁਲਮ ਢਾਹੁਣ ਦੀ ਅਜ਼ਾਦੀ,
ਸਮਾਜਵਾਦ ਦੀ ਖਿੱਲੀ ਉਡਾਉਣ ਦੀ ਅਜ਼ਾਦੀ,
ਬੇਰੁਜ਼ਗਾਰ ਨੂੰ ਭਟਕਦੇ ਮਰਨ ਦੀ ਅਜ਼ਾਦੀ,
ਨਵ-ਵਿਆਹੁਤਾ ਨੂੰ ਦਾਜ ਦੀ ਬਲੀ ਚੜਨ ਦੀ ਅਜ਼ਾਦੀ,
ਹਾਕਮਾਂ ਨੂੰ ਪਰਜਾ ਦਾ ਖੂਨ ਚੂਸਣ ਦੀ ਅਜ਼ਾਦੀ,
ਮਜ਼ਲੂਮਾਂ ਨੂੰ ਸਭ ਕੁਝ ਸਹਿਣ ਦੀ ਅਜ਼ਾਦੀ,
ਧਰਮ ਦੀ ਤਲਵਾਰ ਨੂੰ ਕਤਲ ਕਰਨ ਦੀ ਅਜ਼ਾਦੀ,
ਗਰੀਬਾਂ ਨੂੰ ਧਰਮ ਦੇ ਨਾਂ ਤੇ ਮਰਨ ਦੀ ਅਜ਼ਾਦੀ,
ਹਾਂ ਸਾਨੂੰ ਮਿਲੀ ਹੈ ਅਜ਼ਾਦੀ ,
ਹਾਂ ਹਾਂ ਮਿਲੀ ਹੈ ਅਜ਼ਾਦੀ,
ਕਿਸੇ ਓਪਰੀ ਕਸਰ ਦੇ ਵਹਿਮ ਜਹੀ ਅਜ਼ਾਦੀ,
ਕਤਲਕਾਂਡ ਤੋਂ ਬਾਦ ਫੈਲੇ ਸਹਿਮ ਜਹੀ ਅਜ਼ਾਦੀ,
ਕਿਸੇ ਅਮੀਰ ਦੇ ਦਰ ਤੇ ਬੰਨੇ ਕੁੱਤੇ ਜਹੀ ਅਜ਼ਾਦੀ,
ਜਾਂ ਚੋਣ ਰੈਲੀ ਦੇ ਕਿਸੇ ਲਾਰੇ ਜਹੀ ਅਜ਼ਾਦੀ,
ਲੇਲੇ ਨੂੰ ਭੇੜੀਏ ਤੋਂ ਮਿਲੀ ਮੌਤ ਜਹੀ ਅਜ਼ਾਦੀ ,
ਲੋਕਾਂ ਦੇ ਬੱਚੇ ਮਾਰਦੀ ਔਤ ਜਹੀ ਅਜ਼ਾਦੀ,
ਹਾਂ ਸਾਨੂੰ ਮਿਲੀ ਹੈ ਇਹੀ ਹੈ ਅਜ਼ਾਦੀ,
ਤੇ ਅੱਜ ਇੱਕੀ ਤੋਪਾਂ ਦੀ ਸਲਾਮੀ ਇਸ ਅਜ਼ਾਦੀ ਦੇ ਨਾਮ,
ਅੱਜ ਪੀਵਾਂਗੇ ਆਪਣੇ ਲਹੂ ਦਾ ਪਿਆਲਾ ,
ਇਸ ਅਜ਼ਾਦੀ ਦੀ ਸ਼ਾਮ ਦੇ ਨਾਮ
No comments:
Post a Comment