ਲੈ ਅਰੂਪ ਕੋਲੋਂ ਰੂਪ ਆਇਆ ਧਰਤ ਤੇ
ਬੱਦਲ ਦੀ ਕੁੱਖ ਦਾ ਜਾਇਆ
ਬਣਿਆ ਇੱਕ ਬੂੰਦ
ਡਿੱਗਿਆ ਜਾ ਵਿੱਚ ਮਾਨਸਰੋਵਰ
ਸਮਝੇ ਖੁਦ ਨੂੰ ' ਮੈਂ ਹਾਂ ਸਮੁੰਦਰ'
ਜਾ ਪਿਆ ਖੁੱਲੀ ਸੀਪ ਦੇ ਮੂੰਹ ਵਿੱਚ
ਬਣਿਆ ਸੁੱਚਾ ਮੋਤੀ
ਹੰਸ ਨੇ ਚੁਗਿਆ, ਹੰਸ ਚ ਵੜਿਆ
ਸਮਝੇ ਖੁਦ ਨੂੰ ਹੰਸ-ਦੇਸ਼ ਦਾ ਵਾਸੀ
ਬਣ ਪਰਿੰਦਾ ਖੁਦ ਨੂੰ ਸਮਝੇ
ਮੈਂ ਅੰਬਰ ਦਾ ਰਾਜਾ
ਅੰਬਰ ਮੇਰਾ ,ਮੈਂ ਅੰਬਰ ਦਾ
ਹੋਇਆ ਸਭ ਤੋਂ ਬਾਗੀ
ਉੱਡਿਆ ਉੱਚਾ , ਹੋਰ ਵੀ ਉੱਚਾ
ਪਰ ਅੰਬਰ ਨਾ ਮੁੱਕਾ
ਥੱਕ ਆਲਣੇ ਵਿੱਚ ਆ ਬੈਠਾ
ਖੰਭਾਂ ਵਿੱਚ ਮੂੰਹ ਲੁਕੋਈ
ਫਿਰ ਬਣਿਆ ਪਸ਼ੂ ਤਾਂ ਸਮਝੇ ਖੁਦ ਨੂੰ
ਮੈਂ ਜੰਗਲ ਦਾ ਰਾਜਾ
ਕੁੱਦੇ ਨੱਚੇ ਮੌਜਾਂ ਮਾਣੇ
ਆਪਣੇ ਆਪ ਚ ਖੋਇਆ
ਫਿਰ ਦਹਾੜਿਆ ਕੋਈ, ਜੰਗਲ ਗੂੰਜਿਆ
ਤੇ ਬਣਿਆ ਰਾਜਾ , ਕਿਸੇ ਦਾ ਖਾਜਾ
ਫਿਰ ਬਣਿਆ ਇੱਕ ਬੁੱਤ
ਨਾਂ ਧਰਿਆ ਗਿਆ ਇਨਸਾਨ
" ਜਾ ਨੀਂ ਕੁਦਰਤ , ਤੈਨੂੰ ਕੀ ਜਾਣਾਂ?"
ਤੂੰ ਜਿਊਂਦੀ ਮੇਰਾ ਅਹਿਸਾਨ"
"ਕਿਉਂਕਿ ਮੈਂ ਹਾਂ ਇਨਸਾਨ"
ਮਾਇਆ ਨਗਰੀ ਜਾਲ ਵਿਛਾਇਆ
ਫਸਿਆ ਜਾ ਵਿਚਕਾਰ
ਪੱਥਰ-ਢੇਰੀ ਨੂੰ ਘਰ ਸਮਝੇ
ਹਵਸ ਨੂੰ ਸਮਝੇ ਪਿਆਰ
ਜ਼ਹਿਰ ਨੂੰ ਸ਼ਹਿਦ ਸਮਝ ਕੇ ਚੱਟੇ
ਫਿਰਦਾ ਹੋਸ਼ ਗਵਾਈ
ਰੰਗ ਤਮਾਸ਼ਿਆਂ ਐਸਾ ਮੋਹਿਆ
ਆਪਣੀ ਹੋਂਦ ਭੁਲਾਈ
ਮਾਤ ਦੇਸ਼ ਦਾ ਰਿਹਾ ਨਾ ਚੇਤਾ
ਖੋਇਆ ਵਿੱਚ ਪਰਦੇਸ
ਖੁਦ ਨੂੰ ਬੱਸ ਹੱਡ ਮਾਸ ਹੀ ਸਮਝੇ
ਭੁੱਲਿਆ ਅਸਲੀ ਵੇਸ
ਖੇਡਾਂ ਖੇਡੇ , ਰੋਵੇ ਹੱਸੇ
ਖੁਦ ਨੂੰ ਧਰਤ ਦਾ ਰਾਜਾ ਦੱਸੇ
ਪਰ ਫੇਰ ਇੱਕ ਵਗੀ ਹਨੇਰੀ
ਲੈ ਆਈ ਫੁਰਮਾਨ
ਮਾਤਦੇਸ ਨੂੰ ਨਾਲ ਮੇਰੇ ਚੱਲ
ਕਿਹਾ ਆ ਕੇ ਮੌਤ ਰਕਾਨ
ਤੇ ਲੈ ਬੁੱਕਲ ਵਿੱਚ ਪਰਦੇਸੀ
ਉੱਡ ਗਈ ਮੌਤ ਰਕਾਨ
ਜਦ ਜਾ ਸੁੱਟਿਆ ਮਾਤ ਦੇਸ਼ ਵਿੱਚ
ਹੋਸ਼ ਪਰਤ ਤਦ ਆਸੀ
ਆਖਿਰ ਦੇਸ਼ ਨੂੰ ਪਰਤ ਆਇਆ
ਭੋਲਾ ਪੰਛੀ ਪਰਦੇਸੀ
No comments:
Post a Comment