ਐ ਸਰਮਾਏਦਾਰ਼
ਤੂੰ ਮੇਰੇ ਘਰ ਆਇਆ
ਮੈਂ ਮਹਿਮਾਨ ਨਿਵਾਜ਼ੀ ਕੀਤੀ
ਆਪਣੀ ਟੁੱਟੀ ਮੰਜੀ ਦੀ ਥਾਂ
ਤੈਨੂੰ ਆਪਣੀ ਛਾਤੀ ਤੇ ਬਿਠਾਇਆ
ਤੂੰ ਖਾਣੇ ਦੀ ਮੰਗ ਕੀਤੀ
ਮੈਂ ਆਪਣੇ ਬਾਲ ਦੇ ਮੂੰਹ ਦੀ ਬੁਰਕੀ
ਤੇਰੇ ਮੂੰਹ ਵਿੱਚ ਪਾ ਦਿੱਤੀ
ਤੂੰ ਸ਼ਰਾਬ ਦੀ ਮੰਗ ਕੀਤੀ
ਆਪਣਾ ਲਹੂ ਉਬਾਲ ਮੈਂ ਮਦਿਰਾ ਬਣਾ ਦਿੱਤੀ
ਤੂੰ ਮੇਰੀ ਭੈਣ ਦੀ ਹਿੱਕ ਤੋਂ ਚੁੰਨੀ ਉਡਾਈ
ਮੈਂ ਮਜਬੂਰ ਨਜ਼ਰ ਝੁਕਾ ਦਿੱਤੀ
ਤੂੰ ਕਿਹਾ ਗੁਲਾਮੀ ਕਰ
ਹੱਥ ਜੋੜ ਮੈਂ ਰਜ਼ਾ ਪੁਗਾ ਦਿੱਤੀ
ਮੇਰੇ ਘਰ ਦੀ ਮਿੱਟੀ ਵੀ
ਤੂੰ ਆਪਣੇ ਮਹਿਲੀਂ ਲਾ ਲਈ
ਮੈਂ ਖਾਮੋਸ਼ ਰਹਿ ਗਿਆ
ਪਰ ਹੁਣ ਮੈਨੂੰ ਭੁੱਖ ਲੱਗੀ ਹੈ
ਮੇਰੇ ਪੇਟ ਦੀ ਅੱਗ ਕਰ ਰਹੀ ਹੈ ਮੈਨੂੰ ਮਜਬੂਰ
ਕਿ ਮੈਂ ਉੱਠਾਂ
ਖੋ ਲਵਾਂ ਤੇਰੇ ਤੋਂ ਆਪਣੇ ਹਿੱਸੇ ਦੀ ਬੁਰਕੀ
ਆਪਣੇ ਹੱਥਾਂ ਦੇ ਛਾਲਿਆਂ ਚੋਂ ਰਿਸਦੀ ਪੀਕ
ਤੇਲ ਬਣਾ ਚੋ ਦਿਆਂ ਤੇਰੀਆਂ ਜੜਾਂ ਵਿੱਚ
ਆਪਣੇ ਹੱਥ ਵਿਚਲੇ ਹਥੌੜੇ ਨਾਲ
ਢਾਹ ਦਿਆਂ ਤੇਰੇ ਸਾਮਰਾਜੀ ਮਹਿਲ
ਆਪਣੀ ਦਾਤੀ ਨੂੰ ਕਟਾਰ ਬਣਾ ਕੇ
ਕੱਟ ਦਿਆਂ ਤੇਰੇ ਸਿਰ ਦੀ ਫਸਲ
ਉਧੇੜ ਕੇ ਤੇਰੀ ਖੱਲ
ਕੱਜ ਦਿਆਂ ਆਪਣੀ ਭੈਣ ਦੀ ਹਿੱਕ
ਤੇ ਮੇਰੇ ਮੁੜਕੇ ਦਾ ਹੜ
ਰੋੜ ਲੈ ਜਾਵੇ ਤੇਰੇ ਆਖਰੀ ਨਿਸ਼ਾਨ ਵੀ
ਕਿਉਂਕਿ ਸਦੀਆਂ ਦੀ ਮੇਰੀ ਭੁੱਖ
ਤੇਰੇ ਅੰਤ ਨਾਲ ਹੀ ਮਿਟ ਸਕਦੀ ਹੈ
bahut achhe..
ReplyDelete