ਵਰਿਆਂ ਪਹਿਲਾਂ ਉਹ ਆਉਂਦਾ ਸੀ ਸਾਡੀ ਗਲੀ
ਥਾਂ ਥਾਂ ਤੋਂ ਲਿਬੜੇ ਕੱਪੜੇ ਸਿਰ ਮੈਲੀ ਜਹੀ ਪੱਗ
ਪਰ ਕੱਪੜਿਆਂ ਉੱਤੇ ਦਾਗਾਂ ਵਰਗਾ ਕੁਝ ਨਹੀਂ ਸੀ ਹੁੰਦਾ
ਦਸੀਂ ਪੰਦਰੀ ਦਿਨੀ ਉਹ ਜਦ ਵੀ ਆਉਂਦਾ ਸੀ
ਟੁੱਟੇ ਜਹੇ ਸੈਂਕਲ ਤੇ ਪੰਜ ਸੱਤ ਝੋਲੇ ਟੰਗੇ ਹੁੰਦੇ
ਤੇ ਅਸੀਂ ਸਦਾ ਸੀ ਉਸਨੂੰ ਉਡੀਕਦੇ ਰਹਿੰਦੇ
ਉਹਦੇ ਆਉਣ ਤੱਕ ਵਾਲਾਂ ਦੇ ਗੁੱਛੇ ਕੱਠੇ ਕਰਦੇ
ਖੁਦ ਆਪਣੇ ਵਾਲਾਂ ਨੂੰ ਉਲਝਾ ਉਲਝਾ ਕੇ ਵਾਹੁੰਦੇ
ਕਿ ਹੋਰ ਤੇ ਹੋਰ ਵਾਲ ਝੜਨ
ਸਾਨੂੰ ਹੋਰ ਹੋਰ ਖਿੱਲਾਂ ਮਿਲਣ
ਉਹ ਵਾਲਾਂ ਵੱਟੇ ਖਿੱਲਾਂ ਦਿੰਦਾ ਤੇ ਚਲਾ ਜਾਂਦਾ
ਤੇ ਅਸੀ ਫਿਰ ਉਸਨੂੰ ਉਡੀਕਦੇ ਰਹਿੰਦੇ
ਮੁੜ ਵਾਲਾਂ ਵੱਟੇ ਖਿੱਲਾਂ ਲੈਣ ਲਈ
ਅੱਜ ਵੀ ਕੋਈ ਆਉਂਦਾ ਹੈ ਸਾਡੀ ਗਲੀ
ਚਿੱਟੇ ਚਿੱਟੇ ਕੱਪੜੇ ਸਿਰ ਲਿਸ਼ਕਦੀ ਗਾਂਧੀ ਟੋਪੀ
ਪਰ ਕੱਪੜਿਆਂ ਤੇ ਬੇਦਾਗੀ ਵਰਗਾ ਕੁਝ ਵੀ ਨਹੀ ਹੁੰਦਾ
ਦਸੀਂ ਪੰਦਰੀ ਦਿਨੀ ਨੀ ਪੰਜੀਂ ਸਾਲੀਂ ਆਉਂਦਾ ਏ
ਹੁਣ ਟੁੱਟੇ ਸੈਂਕਲ ਦੀ ਥਾਂ ਮਰਸਡੀਜ਼ ਗੱਡੀ ਹੁੰਦੀ ਏ
ਤੇ ਉਹ ਸਾਡੇ ਕਾਗਜ਼ ਦੇ ਵਾਲਾਂ ਵੱਟੇ
ਸਾਡੀਆਂ ਹੀ ਛਿੱਲਾਂ ਲਾਹਉਂਦਾ ਏ
ਹੁਣ ਖੁਦ ਵਾਲਾਂ ਨੂੰ ਉਲਝਾਉਣ ਦੀ ਲੋੜ ਨਹੀਂ ਪੈਂਦੀ
ਸਿਰ ਤੇ ਪੈਂਦੀਆਂ ਜੁੱਤੀਆਂ ਨਾਲ
ਇਹ ਆਪੂੰ ਹੀ ਝੜ ਜਾਂਦੇ ਨੇ
ਉਹ ਵਾਲਾਂ ਵੱਟੇ ਛਿੱਲਾਂ ਲਾਹਉਂਦਾ ਤੇ ਚਲਾ ਜਾਂਦਾ
ਤੇ ਅਸੀਂ ਫਿਰ ਹਾਂ ਉਡੀਕਦੇ ਉਸਨੂੰ
ਮੁੜ ਵਾਲਾਂ ਵੱਟੇ ਛਿੱਲਾਂ ਲਹਾਉਣ ਲਈ
No comments:
Post a Comment