Saturday, October 31, 2009

kalam nu

ਪੁੱਛਿਆ ਕਲਮ ਨੂੰ ਇੱਕ ਅੰਨੇ ਖਿਆਲ ਨੇ
ਕਿਉਂ ਦੱਬ ਆਈ ਸੀ ਤੂੰ ਮੈਨੂੰ ਡੂੰਘਾਈਆਂ ਦੇ ਵਿੱਚ
ਦਿਲ ਦੀ ਗਹਿਰਾਈ ਚੋਂ ਨਿਕਲ ਕੇ, ਤੇਰੇ ਤੱਕ ਪਹੁੰਚਣ ਲਈ
ਦੇਖ ਜ਼ਰਾ ਮੈਨੂੰ ਕਿੰਨੇ ਸਾਲ ਲੱਗ ਗਏ
ਰਾਹ ਦੀਆਂ ਠੋਕਰਾਂ ਨੇ ਮੈਨੂੰ ਬੁੱਢਾ ਤਾਂ ਕਰ ਦਿੱਤਾ
ਪਰ ਫੇਰ ਵੀ ਤੇਰੇ ਤੱਕ ਪਹੁੰਚ ਹੀ ਗਿਆ
ਮੇਰਾ ਆਪਣਾ ਵਜੂਦ ਤਾਂ ਹੁਣ ਨਿਢਾਲ ਹੋ ਗਿਆ
ਪਰ ਤੇਰੇ ਲਈ ਸੁਨੇਹੇ ਕਈ ਲੈ ਕੇ ਆਇਆਂ
ਪਹਿਲਾ ਸੁਨੇਹਾ ਹੈ ਕਿਸੇ ਦਿਲ ਦੇ ਦਰਦ ਦਾ
ਜਾਣ ਬੁੱਝ ਕੇ ਜਿਸਨੂੰ ਦਫਨਾਇਆ ਗਿਆ ਹੈ
ਪਿਆ ਹੈ ਅਜੇ ਵੀ ਕਬਰ ਵਿੱਚ ਜਿਊਂਦਾ
ਉਡੀਕਦਾ ਹੈ ਖਾਰੇ ਪਾਣੀ ਚ ਜਜ਼ਬ ਹੋਣ ਨੂੰ
ਚਾਹੁੰਦਾ ਹੈ ਕਿ ਤੂੰ ਧਰੇਂ ਉਸਨੂੰ ਕਾਗਜ਼ ਦੀ ਹਿੱਕ ਉੱਤੇ
ਮੋਹਿਤ ਹੋ ਹੰਝੂ ਕੋਈ ਅਪਨਾ ਲਵੇ ਉਸਨੂੰ
ਹੈ ਦੂਜਾ ਸੁਨੇਹਾ ਅਰਮਾਨਾਂ ਦੀ ਸੜ ਰਹੀ ਲਾਸ਼ ਦਾ
ਤੇਰੀ ਮਦਦ ਨਾਲ ਉਹ ਜੱਗ ਸਾਹਮਣੇ ਚਾਹੁੰਦੀ ਹੈ ਆਉਣਾ
ਫੈਲਾਉਣਾ ਚਾਹੁੰਦੀ ਹੈ ਆਪਣੇ ਸੜਨ ਦੀ ਬਦਬੂ
ਗਿਲਾਨੀ ਨਾਲ ਹੀ ਸ਼ਾਇਦ ਕੋਈ ਕਰ ਦੇਵੇ ਅੰਤਿਮ ਸੰਸਕਾਰ
ਤੀਜਾ ਸੁਨੇਹਾ ਹੈ ਇੱਕ ਅਧੂਰੇ ਸੁਪਨੇ ਦਾ
ਲਾ ਕੇ ਦਾਅ ਪਹੁੰਚਦਾ ਅੱਖਾਂ ਦੇ ਬੂਹੇ ਤੇ
ਰੂਪਵਾਨ ਹੋ ਮਨ ਵਿੱਚ ਤਾਰੀਆਂ ਤਾਂ ਲਾਉਂਦਾ
ਪਰ ਸੂਰਜ ਤੋਂ ਡਰ ਕੇ ਛੁਪ ਜਾਂਦਾ ਦਿਲ ਦੇ ਹਨੇਰੇ ਵਿੱਚ
ਚਾਹੁੰਦਾ ਹੈ ਕਿ ਤੂੰ ਹਨੇਰੇ ਤੋਂ ਲੈ ਕੇ ਸਿਆਹੀ
ਕਰ ਦੇਵੇਂ ਉਸਨੂੰ ਚਾਨਣਾਂ ਦੇ ਮੁਖਾਲਫਤ
ਪਰ ਅਫਸੋਸ ਤੇਨੂੰ ਦਰਦ ਲਿਖਣ ਦੀ ਜਾਚ ਹੀ ਨਹੀਂ
ਫੁਰਸਤ ਨਹੀਂ ਤੈਨੂੰ ਮਿੱਠੇ ਜ਼ਹਿਰ ਉਗਲਣ ਤੋਂ
ਸੱਚ ਦੇ ਨੰਗੇ ਪਿੰਡੇ ਤੇ ਝੂਠ ਦੇ ਲੀੜੇ ਪਹਿਨਾ ਕੇ
ਕੋਸ਼ਿਸ਼ ਕਰੇਂ ਰੋਕਣ ਦੀ ਅੰਗਿਆਰਾਂ ਨੂੰ ਸੁਲਗਣ ਤੋਂ
ਪਰ ਐ ਕਲਮ, ਮੈਂ ਖਿਆਲ ਹਾਂ
ਤੇਰੇ ਸਾਥ ਦਾ ਮੁਹਤਾਜ ਨਹੀਂ
ਪੰਛੀ ਤਾਂ ਸੀਖਾਂ ਪਿੱਛੇ ਡੱਕਿਆ ਜਾਂਦਾ
ਪਰ ਡੱਕੀ ਜਾਂਦੀ ਕਦੇ ਪਰਵਾਜ਼ ਨਹੀਂ
ਤੇਰੀ ਨੋਕ ਚੋਂ ਉੱਤਰੇ ਹਰ ਹਰਫ ਦੀ ਸਹੁੰ
ਤੈਨੂੰ ਝੂਠ ਲਈ ਮਰਦੀ ਮੈਂ ਤੱਕ ਨਹੀਂ ਸਕਦਾ
ਹੁਣ ਸਿਆਹੀ ਬਣ ਮੈਂ ਉੱਤਰਾਂਗਾ ਤੇਰੇ ਅੰਦਰ
ਕਰ ਦੇਵਾਂਗਾ ਮਜਬੂਰ ਤੈਨੂੰ ਸੱਚ ਉਗਲਣ ਲਈ

akk da buta

ਮੈਂ ਹਾਂ ਬੂਟਾ ਅੱਕ ਦਾ, ਮੈਂ ਹਾਂ ਬੂਟਾ ਸੱਚ ਦਾ
ਤੁਸੀਂ ਮੈਨੂੰ ਮਾੜਾ ਕਹਿੰਦੇ ਹੋ, ਕਿਉਂ ਮੈਨੂੰ ਕੋਸਦੇ ਰਹਿੰਦੇ ਹੋ??
ਸਮਝਾਂ ਨਾ ਦਸਤੂਰ ਹੈ ਕੀ, ਆਖਿਰ ਮੇਰਾ ਕਸੂਰ ਹੈ ਕੀ???
ਮੈਂ ਵੀ ਅੰਸ਼ ਹਾਂ ਕੁਦਰਤ ਦਾ, ਕਿਉਂ ਦੂਰ ਮੇਰੇ ਤੋਂ ਰਹਿੰਦੇ ਹੋ??
ਤੁਸੀਂ ਆਖਦੇ ਹੋ ਮੈਂ ਕੌੜਾ ਹਾਂ ,ਸੱਚ ਵੀ ਤਾਂ ਕੌੜਾ ਹੁੰਦਾ ਹੈ
ਪਰ ਭਰੇ ਝੂਠ ਦੀ ਹਾਮੀ ਜੋ , ਸੱਚ ਤੋਂ ਤਾਂ ਭਗੌੜਾ ਹੁੰਦਾ ਹੈ
ਮੇਰੇ ਵੱਲ ਕੌੜਾ ਤੱਕਦੇ ਹੋ
ਫਿਰ ਸੋਚੋ ਜ਼ਹਿਰ ਹੈ ਕੀਹਦੇ ਵਿੱਚ??
ਖੁਦ ਆਪਣਾ ਆਪਾ ਮਾਰ ਲੈਂਦੇ
ਫਿਰ ਸੋਚੋ ਕਹਿਰ ਹੈ ਕੀਹਦੇ ਵਿੱਚ??
ਮੈਂ ਤਾਂ ਆਪਣੀ ਹੋਂਦ ਲਈ , ਹਾਲਾਤਾਂ ਦੇ ਨਾਲ ਭਿੜਦਾ ਹਾਂ
ਮਾਣ ਹੈ ਮੈਨੂੰ ਕਿ ਮੈਂ ਮਾਰੂਥਲ ਵਿੱਚ ਖਿੜਦਾ ਹਾਂ
ਆਪਣੇ ਦਿਲ ਦੇ ਵਲਵਲੇ ਕਿਉਂ ਕੁਦਰਤ ਉੱਤੇ ਲੱਦਦੇ ਹੋ??
ਖੁਦ ਦਿੱਤੇ ਜ਼ਖਮ ਤਾਂ ਤੱਕਦੇ ਨਾ , ਕੰਡਿਆਂ ਨੂੰ ਤੁਸੀਂ ਭੰਡਦੇ ਹੋ
ਕੰਡੇ ਤਾਂ ਹੁੰਦੇ ਵਫਾਦਾਰ ਨਾ ਕੋਈ ਗੁਸਤਾਖੀ ਕਰਦੇ ਨੇ
ਇਹ ਤਾਂ ਚੋਰ ਹੱਥਾਂ ਤੋਂ ਫੁੱਲਾਂ ਦੀ ਰਾਖੀ ਕਰਦੇ ਨੇ
ਹੁਣ ਤੁਸੀਂ ਸੋਚੋ ਅੱਜ ਤੱਕ, ਕਿਸਦੇ ਨਾਲ ਵਫਾ ਨਿਭਾਈ ਏ?
ਇਹ ਵੀ ਸੋਚੋ ਕਿਸ ਜੁਰਮ ਦੀ ਸਾਨੂੰ ਸਜ਼ਾ ਸੁਣਾਈ ਏ

ਹੁਣ ਵਾਰੀ ਆਉਂਦੀ ਪੱਥਰਾਂ ਦੀ, ਕਠੋਰ ਜਿਸਨੂੰ ਕਹਿੰਦੇ ਹੋ
ਨਾ ਭੁੱਲੋ ਕਿ ਤੁਸੀਂ ਓਸੇ ਦੀ ਛਾਂ ਦੇ ਹੇਠਾਂ ਰਹਿੰਦੇ ਹੋ
ਜੇ ਖੁਦ ਇਸ ਨੂੰ ਤਰਾਸ਼ ਲਵੋ, ਤਾਂ ਦੇਵਤਾ ਇਸਨੂੰ ਕਹਿੰਦੇ ਹੋ
ਜੇ ਉਂਝ ਸੜਕ ਤੇ ਪਿਆ ਮਿਲੇ, ਤਾਂ ਕੌੜਾ ਕੌੜਾ ਵੇਂਹਦੇ ਹੋ
ਪੱਥਰ ਤੋਂ ਵੀ ਵੱਧ ਕਠੋਰ ਦਿਲ ਤੇਰਾ ਇਨਸਾਨਾਂ ਵੇ
ਐਵੇਂ ਨਾ ਕੁਦਰਤ ਭੰਡਿਆ ਕਰ , ਸੁਣ ਲੈ ਗੱਲ ਬੇਇਮਾਨਾਂ ਵੇ
ਉਂਝ ਫੁੱਲ ਕਲੀਆਂ ਸਲਾਹੇਂ ਤੂੰ, ਪਰ ਉਹਨਾਂ ਨੂੰ ਕਦ ਛੱਡਦਾ ਏਂ
ਝੂਠੇ ਇਜ਼ਹਾਰੇ ਪਿਆਰ ਲਈ, ਜਾਨ ਫੁੱਲਾਂ ਦੀ ਕੱਢਦਾ ਏਂ
ਸਾਰੀ ਕੁਦਰਤ ਸਾਜੀ ਜਿਸਨੇ , ਉਹਨੂੰ ਥੋੜ ਕੀ ਫੁੱਲਾਂ ਦੀ
ਉਹ ਤੇਰੀ ਭਗਤੀ ਨੂੰ ਜਾਚੇ,ਉਸਨੂੰ ਲੋੜ ਨੀ ਮੁੱਲਾਂ ਦੀ
ਜਿਹੜਾ ਤੈਨੂੰ ਦੁੱਧ ਪਿਲਾਵੇ , ਤੂੰ ਓਸੇ ਨੂੰ ਡੰਗਦਾ ਏਂ
ਤੈਨੂੰ ਤੇਰਾ ਅਕਸ ਦਿਖਾਵਾਂ ਤਾਂਹੀ ਮੈਨੂੰ ਭੰਡਦਾ ਏਂ
ਹਾਂ ਮੈਨੂੰ ਤਾਂ ਭੰਡੇਂਗਾ ਹੀ , ਜਦ ਸੱਚ ਕੋਲੋਂ ਤੂੰ ਡਰਦਾ ਏਂ
ਕਿੰਝ ਸੱਚ ਪਰਵਾਨ ਕਰੇਂਗਾ ਤੂੰ, ਜਦ ਹਾਮੀ ਝੂਠ ਦੀ ਭਰਦਾ ਏਂ
ਮੈਨੂੰ ਤਰਸ ਆਉਂਦਾ ਏ ਤੇਰੇ ਤੇ ਤੇਰੀ ਸੋਚ ਕਿਉਂ ਐਨੀ ਛੋਟੀ ਹੈ
ਕਹਿਣ ਨੂੰ ਸਰਵਉਤੱਮ ਜੂਨੀ,ਪਰ ਨੀਤ ਕਿਉਂ ਐਨੀ ਖੋਟੀ ਹੈ??
ਸੁਣ ਗੱਲ ਮੇਰੀ ਇਨਸਾਨਾ ਵੇ , ਦਿਲ ਵਿੱਚ ਪਿਆਰ ਵਸਾਉਣਾ ਸਿੱਖ
ਜੇਕਰ ਰੱਬ ਨੂੰ ਪਾਉਣਾ ਏ , ਪਹਿਲਾਂ ਕੁਦਰਤ ਨੂੰ ਅਪਨਾਉਣਾ ਸਿੱਖ

dua ate dya

ਪੋਹ ਦੀ ਸਰਦ ਰੁੱਤ
ਅੰਤਾਂ ਦੀ ਠੰਡ ਨਸਾਂ ਵਿਚਲਾ ਲਹੂ ਜਮਾਉਂਦੀ
ਮਾਵਾਂ ਨੇ ਬੋਟ ਖੰਭਾਂ 'ਚ ਲੁਕਾ ਲਏ
ਬੰਦਿਆਂ ਨੇ ਖੁਦ ਨੂੰ ਢਕ ਲਿਆ ਗਰਮ ਕੱਪੜਿਆਂ ਨਾਲ
ਹੀਟਰਾਂ ਦੇ ਸਾਹਮਣੇ ਬੈਠੇ ਬਹੁਤ ਠੰਡ ਹੈ ਯਾਰ
ਘਰ ਤੋਂ ਨਿੱਕਲਣਾ ਨਾ-ਮੁਮਕਿਨ,
ਬਦਨ ਤੇ ਰਜਾਈਆਂ ਵਰਗੇ ਕੋਟ,
ਸਿਰ ਤੇ ਟੋਪੀ ਹੱਥੀ ਦਸਤਾਨੇ,
ਫਿਰ ਵੀ ਕੰਬਦੇ ਹੋਏ ਇਨਸਾਨ
ਅਧ-ਨੰਗੇ ਪਿੰਡੇ ਨੰਗੇ ਪੈਰੀਂ
ਸਾਹਮਣੇ ਫੁੱਟਪਾਥ ਤੇ ਬੈਠੇ
ਕਾਗਜ਼ਾਂ ਦੀ ਧੂਣੀ ਸੇਕਦੇ ਨੇ
ਮੰਗ ਰਹੇ ਨੇ ਸਰਬੱਤ ਦਾ ਭਲਾ
ਰੱਬਾ..ਇੱਸ ਕਹਿਰ ਤੌਂ ਸਭ ਨੂੰ ਬਚਾ
ਇੰਨੇ ਨੂੰ ਕੋਲੋ ਲੰਘ ਰਹੇ ਇਨਸਾਨ ਜਾਪਦੇ ਬੁੱਤ ਅੱਗੇ
ਅੱਡਦੇ ਨੇ ਹੱਥ
ਮੰਗਦੇ ਨੇ ਕੋਈ ਪੁਰਾਣਾ ਕੱਪੜਾ
ਜਿਸਮ ਢਕਣ ਲਈ
ਪਰ ਕੋਟਾਂ ਦੇ ਨਿੱਘ ਚ ਬੇਦਰਦ ਖੂਨ
ਇਹ ਕਹਿ ਕੇ ਲੰਘ ਜਾਂਦਾ
"ਕਿਸੇ ਨੇ ਤੇਰੀ ਠੰਡ ਦਾ ਠੇਕਾ ਨੀ ਲਿਆ"

raat rehan de

ਕਰਾਂ ਮੈਂ ਕਿੰਝ ਸਿਜਦਾ ਅਰਗਵਾਨੀ ਸਵੇਰ ਨੂੰ?
ਜਾਣ ਲੈ ਇਸਦੇ ਅੰਦਰ ਰਾਤਾਂ ਮੋਈਆਂ ਨੇ
ਇੱਕ ਰਾਤ ਹੀ ਤਾਂ ਹੁੰਦੀ ਏ ਸਾਥਣ ਕਿਸੇ ਦੇ ਦਰਦ ਦੀ
ਜਾਣ ਕਿ ਇਸ ਰਾਤ ਵਿੱਚ ਤਨਹਾਈਆਂ ਖੋਈਆਂ ਨੇ
ਨਾ ਹੋਣ ਦਿਓ ਸਹਿਰ ਰੋਕੋ ਆਫਤਾਬ ਨੂੰ
ਕਿ ਰੌਸ਼ਨੀ ਦੇ ਨਾਲ ਲੱਖਾਂ ਦਾਗ ਨੰਗੇ ਹੋਣਗੇ
ਕੱਜੇ ਰਹੇ ਅੱਜ ਤੱਕ ਰਾਤ ਦੀ ਚਾਦਰ ਦੇ ਓਹਲੇ
ਸੂਝਵਾਨ ਸੱਜਣਾਂ ਦੇ ਅਪਰਾਧ ਨੰਗੇ ਹੋਣਗੇ
ਦੇਖੀਂ ਨਾ ਦੀਪ ਜਾਲੀਂ ਕੋਈ ਮੇਰੇ ਸ਼ਹਿਰ ਵਿੱਚ
ਸੁੱਤੇ ਜੋ ਨੀਂਦ ਚੁੱਪ ਦੀ ਇਹ ਜਾਗ ਪੈਣਗੇ
ਦੇਖੀਂ ਨਾ ਕਿਧਰੇ ਅਲਖ ਕੋਈ ਜਗਾ ਦਈਂ ਇਸ ਸ਼ਹਿਰ ਵਿੱਚ
ਰਾਜ ਆਪਣਾ ਬੇਗਾਨਿਆਂ ਤੋਂ ਖੋ ਲੈਣਗੇ
ਬੋਲ ਕੇ ਨਾ ਤੋੜ ਤੂੰ ਮੌਤ ਦੀ ਇਸ ਚੁੱਪ ਨੂੰ
ਸਨਾਟਿਆਂ ਵਿੱਚ ਅਜੇ ਤੂੰ ਜੀਰਾਣਿ ਰਹਿਣ ਦੇ
ਕੋਸ਼ਿਸ਼ ਤੂੰ ਨਾ ਕਰ ਇਸ ਵਿੱਚ ਜ਼ਿੰਦਗੀ ਵਸਾਉਣ ਦੀ
ਮੇਰੇ ਸ਼ਹਿਰ ਨੂੰ ਅਜੇ ਸ਼ਮਸ਼ਾਨ ਰਹਿਣ ਦੇ
ਐ ਪਾਗਲ ਕਿਉਂ ਜਗਾ ਰਿਹਾ ਏਂ ਲੋਕਾਂ ਨੂੰ?
ਏ ਜਾਗ ਕਿਵੇਂ ਸਕਦੇ ਨੇ ਜਾਗਣਾ ਤਾਂ ਪਾਪ ਹੈ
ਵਰਜਿਤ ਹਨ ਇਨਾਂ ਲਈ ਚੇਤੰਨ ਸੋਚ ਤੇ ਉਜਾਲੇ
ਜਾਣ ਲੈਣਾ ਕੁਝ ਇੰਨਾ ਵਾਸਤੇ ਸਰਾਪ ਹੈ
ਗਵਾਰਾਂ ਨੂੰ ਕੀ ਫਰਕ ਪੈਂਦਾ ਚਿੜੀਆਂ ਦੀ ਮੌਤ ਤੇ
ਮੇਰੇ ਸ਼ਹਿਰ ਨੂੰ ਅਜੇ ਤੂੰ ਗਵਾਰ ਰਹਿਣ ਦੇ
ਕਿਸੇ ਦੇ ਲੱਗੀ ਅੱਗ ਦਾ ਸਾਨੂੰ ਭਲਾ ਏ ਸੇਕ ਕੀ
ਸਾਡੇ ਆਪਣੇ ਘਰੇ ਤਾਂ ਅੱਗ ਲੱਗ ਲੈਣ ਦੇ
ਅਰਸੇ ਬਾਦ ਲਿਖ ਲਈਂ ਬਦਲੀ ਕਹਾਣੀ ਸ਼ਹਿਰ ਦੀ
ਅਜੇ ਤਾਂ ਸਾਡੀ ਅਣਕਹੀ ਤੂੰ ਬਾਤ ਰਹਿਣ ਦੇ
ਕੋਸ਼ਿਸ਼ ਤੂੰ ਨਾ ਕਰ ਨਵੀਂ ਸਵੇਰ ਲਈ
ਐ ਮੇਰੇ ਹਮਦਰਦ ਅਜੇ ਰਾਤ ਰਹਿਣ ਦੇ

zindgi da naam

ਤੂੰ ਕਿਹਾ ਮੇਰਾ ਮਹਿਬੂਬ ਹੈ ,ਜ਼ਿੰਦਗੀ ਦਾ ਦੂਜਾ ਨਾਮ
ਹਾੰ ਦਰੁਸਤ ; ਹੋ ਸਕਦਾ ਹੈ
ਤੇਰੇ ਮਹਿਬੂਬ ਜਹੀ ਅੱਖ ਕਿਸੇ ਕੋਲ ਨਹੀਂ
ਉਸ ਵਰਗੇ ਗੁਲਾਬੀ ਬੁੱਲ ਕਿਸੇ ਕੋਲ ਨਹੀਂ
ਉਸਦੇ ਹੱਥ ਮੱਖਣ ਤੋਂ ਵੀ ਕੂਲੇ
ਖੋਇਆ ਤੂੰ ਉਸਦੇ ਖਾਬਾਂ ਵਿੱਚ
ਲਿਖਦਾ ਗੀਤ ਸਿਫਤ ਦੇ
ਉਹਦੇ ਸੂਟ ਤੇ ਪਈ ਬੂਟੀ ਦੇ
ਉਹਦੀ ਕੋਇਲ ਜਹੀ ਆਵਾਜ਼ ਦੇ
ਕਦੇ ਹਿਰਨੀ ਵਰਗੀ ਚਾਲ ਦੇ
ਪਰ ਸੱਜਣਾਂ ਕੀ ਤੱਕਿਆ ਏ ਕਦੀ?
ਉਸ ਅੱਖ ਨੂੰ ,ਜੋ ਸਿਰਫ ਇੱਕ ਅੰਨ ਦੀ ਬੁਰਕੀ ਟੋਲਦੀ ਹੈ
ਕੀ ਤੱਕਿਆ ਕਦੇ ,ਉਹ ਕਰੰਗ ਜਿਸਮ?
ਖੂਨ ਦੀ ਥਾਂ ਜਿਸ ਵਿੱਚ ਲਾਚਾਰੀ ਦੌੜਦੀ ਹੈ
ਕੀ ਤੱਕਿਆ ਕਦੇ ਕਿਸੇ ਗਰੀਬਣੀ ਨੂੰ ?
ਲੋਕ ਸੂਟ ਦੀ ਬੂਟੀ ਨਹੀਂ,
ਟਾਕੀਆਂ ਚੋਂ ਝਾਕਦਾ ਉਸਦਾ ਜਿਸਮ ਦੇਖਦੇ ਨੇ
ਕੀ ਤੱਕਿਆ ਕਦੇ ਭੋਲੇ ਬਾਲਾਂ ਦੇ ਉਹਨਾਂ ਹੱਥਾਂ ਨੂੰ
ਛਾਲੇ ਪੈ ਗਏ ਜਿਨਾਂ ਤੇ ਪੱਥਰ ਤੋੜਦੇ ਤੋੜਦੇ
ਕੀ ਸੁਣਿਆ ਕਦੇ ਉਸ ਆਵਾਜ਼ ਚ ਛੁਪੀ ਲਿਚਾਰੀ ਨੂੰ
ਇੱਕ ਰੁਪਏ ਬਦਲੇ ਹੀ ਜੋ ਲੱਖ ਦੁਆਵਾਂ ਦਿੰਦੀ ਹੈ
ਨਹੀਂ ??? ਨਹੀਂ ਵੇਖਿਆ ਤੂੰ??
ਇੱਕ ਦਿਨ ਮਹਿਬੂਬ ਤੋਂ ਵਕਤ ਲੈ ਕੇ
ਜ਼ਰੂਰ ਜਾਵੀਂ ਉਸ ਕੁੱਲੀ ਵਿੱਚ
ਸੂਰਜ ਦੀ ਕਿਰਨ ਨੂੰ ਵੀ ਜਿਸਦਾ ਰਾਹ ਨਹੀਂ ਪਤਾ
ਤੈਨੂੰ ਜ਼ਿੰਦਗੀ ਦਾ ਇੱਕ ਨਵਾਂ ਨਾਮ ਜ਼ਰੂਰ ਸੁਣਾਈ ਦੇਵੇਗਾ

ik moi muskaan

ਲੰਘ ਗਮਾਂ ਦੇ ਸਾਗਰ ਨੂੰ
ਲੈ ਆਵੀਂ ਤੂੰ ਬੁੱਲਾਂ ਤੇ
ਦੁਨੀਆ ਨੂੰ ਭਰਮਾਉਣ ਲਈ
ਇੱਕ ਮੋਈ ਮੁਸਕਾਨ
ਪੱਥਰ ਅੱਖ ਲੁਕਾ ਕੇ ਲੰਘੀਂ
ਅਸਮਤ ਲੁੱਟੀ ਖਾਬਾਂ ਦੀ
ਕੱਜ ਲੈ ਪਰਦਾ ਬੇਪੱਤ ਹੋਈ
ਤੇਰੀ ਸਧਰ ਰਕਾਨ
ਚੰਨ ਨੇ ਤੈਨੂੰ ਗਲ ਨਾਲ ਲਾਇਆ
ਗੱਲ ਲੁਕਾ ਚਕੋਰੇ ਨੀਂ
ਚੰਨ ਨੂੰ ਇੰਝ ਬਦਨਾਮ ਨਾ ਕਰ
ਕੱਜ ਚੁੰਮਣ ਦੇ ਨਿਸ਼ਾਨ
ਸਾੜ ਜਿੰਨਾ ਦਾ ਅੰਨਿਆ ਕਰ ਜੇ
ਰੱਖ ਲੁਕਾ ਕੇ ਹੰਝੂਆਂ ਨੂੰ
ਨੈਣਾਂ ਨੂੰ ਕੋਈ ਸਜ਼ਾ ਦੇ ਐਸੀ
ਮੁੜ ਨਾ ਖਾਬ ਸਜਾਣ
ਸੋਗ ਗੀਤਾਂ ਨੂੰ ਛੱਡ ਕਿਤੇ
ਲਿਖ ਝੂਠੀ ਗੱਲ ਬਹਾਰਾਂ ਦੀ
ਚੱਲ ਹੁਣ ਗੰਗਾ ਰੋੜ ਵੀ ਦੇ
ਖਾਕ ਹੋਏ ਅਰਮਾਨ