Saturday, October 31, 2009

zindgi da naam

ਤੂੰ ਕਿਹਾ ਮੇਰਾ ਮਹਿਬੂਬ ਹੈ ,ਜ਼ਿੰਦਗੀ ਦਾ ਦੂਜਾ ਨਾਮ
ਹਾੰ ਦਰੁਸਤ ; ਹੋ ਸਕਦਾ ਹੈ
ਤੇਰੇ ਮਹਿਬੂਬ ਜਹੀ ਅੱਖ ਕਿਸੇ ਕੋਲ ਨਹੀਂ
ਉਸ ਵਰਗੇ ਗੁਲਾਬੀ ਬੁੱਲ ਕਿਸੇ ਕੋਲ ਨਹੀਂ
ਉਸਦੇ ਹੱਥ ਮੱਖਣ ਤੋਂ ਵੀ ਕੂਲੇ
ਖੋਇਆ ਤੂੰ ਉਸਦੇ ਖਾਬਾਂ ਵਿੱਚ
ਲਿਖਦਾ ਗੀਤ ਸਿਫਤ ਦੇ
ਉਹਦੇ ਸੂਟ ਤੇ ਪਈ ਬੂਟੀ ਦੇ
ਉਹਦੀ ਕੋਇਲ ਜਹੀ ਆਵਾਜ਼ ਦੇ
ਕਦੇ ਹਿਰਨੀ ਵਰਗੀ ਚਾਲ ਦੇ
ਪਰ ਸੱਜਣਾਂ ਕੀ ਤੱਕਿਆ ਏ ਕਦੀ?
ਉਸ ਅੱਖ ਨੂੰ ,ਜੋ ਸਿਰਫ ਇੱਕ ਅੰਨ ਦੀ ਬੁਰਕੀ ਟੋਲਦੀ ਹੈ
ਕੀ ਤੱਕਿਆ ਕਦੇ ,ਉਹ ਕਰੰਗ ਜਿਸਮ?
ਖੂਨ ਦੀ ਥਾਂ ਜਿਸ ਵਿੱਚ ਲਾਚਾਰੀ ਦੌੜਦੀ ਹੈ
ਕੀ ਤੱਕਿਆ ਕਦੇ ਕਿਸੇ ਗਰੀਬਣੀ ਨੂੰ ?
ਲੋਕ ਸੂਟ ਦੀ ਬੂਟੀ ਨਹੀਂ,
ਟਾਕੀਆਂ ਚੋਂ ਝਾਕਦਾ ਉਸਦਾ ਜਿਸਮ ਦੇਖਦੇ ਨੇ
ਕੀ ਤੱਕਿਆ ਕਦੇ ਭੋਲੇ ਬਾਲਾਂ ਦੇ ਉਹਨਾਂ ਹੱਥਾਂ ਨੂੰ
ਛਾਲੇ ਪੈ ਗਏ ਜਿਨਾਂ ਤੇ ਪੱਥਰ ਤੋੜਦੇ ਤੋੜਦੇ
ਕੀ ਸੁਣਿਆ ਕਦੇ ਉਸ ਆਵਾਜ਼ ਚ ਛੁਪੀ ਲਿਚਾਰੀ ਨੂੰ
ਇੱਕ ਰੁਪਏ ਬਦਲੇ ਹੀ ਜੋ ਲੱਖ ਦੁਆਵਾਂ ਦਿੰਦੀ ਹੈ
ਨਹੀਂ ??? ਨਹੀਂ ਵੇਖਿਆ ਤੂੰ??
ਇੱਕ ਦਿਨ ਮਹਿਬੂਬ ਤੋਂ ਵਕਤ ਲੈ ਕੇ
ਜ਼ਰੂਰ ਜਾਵੀਂ ਉਸ ਕੁੱਲੀ ਵਿੱਚ
ਸੂਰਜ ਦੀ ਕਿਰਨ ਨੂੰ ਵੀ ਜਿਸਦਾ ਰਾਹ ਨਹੀਂ ਪਤਾ
ਤੈਨੂੰ ਜ਼ਿੰਦਗੀ ਦਾ ਇੱਕ ਨਵਾਂ ਨਾਮ ਜ਼ਰੂਰ ਸੁਣਾਈ ਦੇਵੇਗਾ

No comments:

Post a Comment