Tuesday, December 29, 2009

ਮਹਿਬੂਬ ਨੂੰ

ਮੇਰੇ ਮਹਿਬੂਬ ਮੈਨੂੰ ਸਦਾ ਗਿਲਾ ਰਿਹਾ ਤੇਰੇ ਤੇ
ਸਦਾ ਗਿਲਾ ਰਿਹਾ ਤੇਰੀ ਮੁਹੱਬਤ ਤੇ
ਕਿ ਤੂੰ ਮੈਨੂੰ ਮੁਖਾਤਿਬ ਹੋ ਕੇ ਕੁਝ ਵੀ ਨਹੀ ਲਿਖਿਆ
ਕਿ ਤੂੰ ਮੇਰੀ ਮੁਹੱਬਤ ਲਈ ਕੁਝ ਵੀ ਨਹੀ ਕਰਿਆ
ਤੂੰ ਜਦ ਵੀ ਗੱਲ ਕੀਤੀ ਕਣਕ ਦੇ ਰੰਗ ਦੀ ਕੀਤੀ
ਤੱਕ ਚਾਨਣੀ ਕਪਾਹ ਨੂੰ ਆਉਂਦੀ ਸੰਗ ਦੀ ਕੀਤੀ
ਮੈਂ ਚਾਹੁੰਦੀ ਸੀ ਪਿਆਰ ਦੇ ਸਾਗਰ ਦਾ ਸ਼ੋਰ ਸੁਣਨਾ
ਪਰ ਤੂੰ ਸਦਾ ਵੱਟਾਂ ਤੇ ਖਾਲਾਂ ਚ ਗੁੰਮ ਰਿਹਾ
ਮੈਂ ਚਾਹੁੰਦੀ ਸੀ ਤੂੰ ਗੱਲ ਕਰੇਂ ਪਹੁ-ਫੁਟਾਲੇ ਦੀ
ਪਰ ਤੂੰ ਖੇਤੀਂ ਬੀਤੀਆਂ ਤਿਰਕਾਲਾਂ ਚ ਗੁੰਮ ਰਿਹਾ
ਮੈਂ ਮੱਖਣ ਤੋਂ ਕੂਲੇ ਹੱਥ ਤੇਰੇ ਵੱਲ ਉਲਾਰਦੀ ਰਹੀ
ਪਰ ਤੇਰਾ ਧਿਆਨ ਹੱਥੀਂ ਪਏ ਰੱਟਣਾਂ ਦੀ ਤਰਫ ਸੀ
ਮੈਂ ਚਾਹੁੰਦੀ ਸੀ ਕਿ ਤੂੰ ਸਜਾਵੇਂ ਖਾਬ ਮੇਰੇ ਸੰਗ
ਪਰ ਤੂੰ ਤਾਂ ਹਕੀਕਤਾਂ ਬਦਲਣ ਚ ਵਿਅਸਤ ਸੀ
ਤੇ ਮੈਂ ਸਦਾ ਤੇਰੇ ਤੇ ਗਿਲਾ ਕਰਦੀ ਰਹੀ
ਕਿ ਤੂੰ ਮੇਰੇ ਚਾਵਾਂ ਲਈ ਕੁਝ ਨਹੀਂ ਕੀਤਾ

ਪਰ ਅੱਜ ਜਦੋਂ ਘੁੰਮਦੀ ਘੁਮਾਉਂਦੀ ਤੇਰੇ ਸ਼ਹਿਰ ਆਈ
ਹੈਰਾਨੀਆਂ ਦੀ ਮੇਰੇ ਲਈ ਕੋਈ ਹੱਦ ਨਾ ਰਹੀ
ਤੇਰੇ ਖੇਤਾਂ ਵਿੱਚ ਕਣਕ ਬਣ ਕੇ ਪਿਆਰ ਉੱਗਆ ਸੀ
ਚੋਗੀਆਂ ਨੇ ਕਪਾਹਾਂ ਚੋਂ ਸਾਡਾ ਪਿਆਰ ਚੁਗਿਆ ਸੀ
ਖਾਲਾਂ ਚੋਂ ਮੋਹ ਦੇ ਸੰਗੀਤ ਦੀ ਧੁਨਕਾਰ ਆਈ ਸੀ
ਤਿਰਕਾਲਾਂ ਲੰਘ ਨਵੀਂ ਇੱਕ ਸਵੇਰ ਛਾਈ ਸੀ
ਹਰ ਥਾਂ ਤੂੰ ਮੁਹੱਬਤ ਨਾਂ ਦਾ ਬੂਟਾ ਲਾਇਆ ਸੀ
ਮੇਰੇ ਖਾਬਾਂ ਦੀ ਦੁਨੀਆ ਨੂੰ ਤੂੰ ਹਕੀਕਤ ਬਣਾਇਆ ਸੀ

ਪਰ ਮਾਫ ਕਰੀਂ ਮੈਂ ਪਾਗਲ ਕਦੇ ਸਮਝ ਨਾ ਸਕੀ
ਕਿ ਜੋ ਵੀ ਤੂੰ ਕੀਤਾ ਸਦਾ ਮੁਹੱਬਤ ਲਈ ਕੀਤਾ

ਵਾਲਾਂ ਵੱਟੇ ਖਿੱਲਾਂ

ਵਰਿਆਂ ਪਹਿਲਾਂ ਉਹ ਆਉਂਦਾ ਸੀ ਸਾਡੀ ਗਲੀ
ਥਾਂ ਥਾਂ ਤੋਂ ਲਿਬੜੇ ਕੱਪੜੇ ਸਿਰ ਮੈਲੀ ਜਹੀ ਪੱਗ
ਪਰ ਕੱਪੜਿਆਂ ਉੱਤੇ ਦਾਗਾਂ ਵਰਗਾ ਕੁਝ ਨਹੀਂ ਸੀ ਹੁੰਦਾ
ਦਸੀਂ ਪੰਦਰੀ ਦਿਨੀ ਉਹ ਜਦ ਵੀ ਆਉਂਦਾ ਸੀ
ਟੁੱਟੇ ਜਹੇ ਸੈਂਕਲ ਤੇ ਪੰਜ ਸੱਤ ਝੋਲੇ ਟੰਗੇ ਹੁੰਦੇ
ਤੇ ਅਸੀਂ ਸਦਾ ਸੀ ਉਸਨੂੰ ਉਡੀਕਦੇ ਰਹਿੰਦੇ
ਉਹਦੇ ਆਉਣ ਤੱਕ ਵਾਲਾਂ ਦੇ ਗੁੱਛੇ ਕੱਠੇ ਕਰਦੇ
ਖੁਦ ਆਪਣੇ ਵਾਲਾਂ ਨੂੰ ਉਲਝਾ ਉਲਝਾ ਕੇ ਵਾਹੁੰਦੇ
ਕਿ ਹੋਰ ਤੇ ਹੋਰ ਵਾਲ ਝੜਨ
ਸਾਨੂੰ ਹੋਰ ਹੋਰ ਖਿੱਲਾਂ ਮਿਲਣ
ਉਹ ਵਾਲਾਂ ਵੱਟੇ ਖਿੱਲਾਂ ਦਿੰਦਾ ਤੇ ਚਲਾ ਜਾਂਦਾ
ਤੇ ਅਸੀ ਫਿਰ ਉਸਨੂੰ ਉਡੀਕਦੇ ਰਹਿੰਦੇ
ਮੁੜ ਵਾਲਾਂ ਵੱਟੇ ਖਿੱਲਾਂ ਲੈਣ ਲਈ

ਅੱਜ ਵੀ ਕੋਈ ਆਉਂਦਾ ਹੈ ਸਾਡੀ ਗਲੀ
ਚਿੱਟੇ ਚਿੱਟੇ ਕੱਪੜੇ ਸਿਰ ਲਿਸ਼ਕਦੀ ਗਾਂਧੀ ਟੋਪੀ
ਪਰ ਕੱਪੜਿਆਂ ਤੇ ਬੇਦਾਗੀ ਵਰਗਾ ਕੁਝ ਵੀ ਨਹੀ ਹੁੰਦਾ
ਦਸੀਂ ਪੰਦਰੀ ਦਿਨੀ ਨੀ ਪੰਜੀਂ ਸਾਲੀਂ ਆਉਂਦਾ ਏ
ਹੁਣ ਟੁੱਟੇ ਸੈਂਕਲ ਦੀ ਥਾਂ ਮਰਸਡੀਜ਼ ਗੱਡੀ ਹੁੰਦੀ ਏ
ਤੇ ਉਹ ਸਾਡੇ ਕਾਗਜ਼ ਦੇ ਵਾਲਾਂ ਵੱਟੇ
ਸਾਡੀਆਂ ਹੀ ਛਿੱਲਾਂ ਲਾਹਉਂਦਾ ਏ
ਹੁਣ ਖੁਦ ਵਾਲਾਂ ਨੂੰ ਉਲਝਾਉਣ ਦੀ ਲੋੜ ਨਹੀਂ ਪੈਂਦੀ
ਸਿਰ ਤੇ ਪੈਂਦੀਆਂ ਜੁੱਤੀਆਂ ਨਾਲ
ਇਹ ਆਪੂੰ ਹੀ ਝੜ ਜਾਂਦੇ ਨੇ
ਉਹ ਵਾਲਾਂ ਵੱਟੇ ਛਿੱਲਾਂ ਲਾਹਉਂਦਾ ਤੇ ਚਲਾ ਜਾਂਦਾ
ਤੇ ਅਸੀਂ ਫਿਰ ਹਾਂ ਉਡੀਕਦੇ ਉਸਨੂੰ
ਮੁੜ ਵਾਲਾਂ ਵੱਟੇ ਛਿੱਲਾਂ ਲਹਾਉਣ ਲਈ

Monday, December 28, 2009

my first poem

ਤਕਦੀਰ ਦੇ ਹੱਥੋਂ ਬੇਵੱਸ ਹੋ ਕੇ ,ਐਸਾ ਗੁਨਾਹ ਮੈਂ ਕਰ ਬੈਠੀ
ਮੌਤ ਦੇ ਮੂੰਹ ਚੋਂ ਬਚ ਕੇ ਵੀ ,ਆਪਣਿਆਂ ਲਈ ਮਰ ਬੈਠੀ
ਪਰ ਏਸ ਗੁਨਾਹ ਦੇ ਪਿੱਛੇ ਕੀ ਮੇਰੀ ਮਜਬੂਰੀ ਸੀ
ਨਾ ਤੂੰ ਪੁੱਛਿਆ ਨਾ ਦੱਸ ਸਕੀ , ਕੀ ਕੀ ਸੀ ਮੈਂ ਜਰ ਬੈਠੀ
ਮੌਤ ਦੇ ਮੂੰਹ ਚੋਂ ਬਚ ਕੇ ਵੀ ,ਆਪਣਿਆਂ ਲਈ ਮਰ ਬੈਠੀ
ਕੀ ਦੱਸਾਂ ਏਸ ਗੁਨਾਹ ਤੋਂ ਪਹਿਲਾਂ ਕੀ ਸੀ ਬੀਤੀ ਨਾਲ ਮੇਰੇ
ਦੁੱਖ ਤਾਂ ਯਾਰਾ ਸਾਂਝਾ ਕਰਨਾ ਚਾਹੁੰਦੀ ਸੀ ਮੈਂ ਨਾਲ ਤੇਰੇ
ਲੋਕਾਂ ਦਿਆਂ ਤਾਅਨਿਆਂ ਮੇਹਣਿਆਂ ਗੁੰਮ ਕੀਤਾ ਸੀ ਹੋਸ਼ ਮੇਰਾ
ਅੱਜ ਤੱਕ ਨਹੀਂ ਸਮਝ ਸਕੀ ਮੈਂ ਕੀ ਸੀ ਉਦੋਂ ਦੋਸ਼ ਮੇਰਾ
ਮੈਂ ਤਾਂ ਸੱਜਣਾ ਕਦੇ ਕਿਸੇ ਨੂੰ ਆਖੀ ਨਹੀਂ ਸੀ ਮੰਦੀ ਚੰਗੀ
ਫਿਰ ਵੀ ਪਤਾ ਨਹੀਂ ਕਿਉਂ ਸਾਰੇ ਕਹਿਂਦੇ ਰਹੇ ਮੈਨੂੰ ਭਿੱਟ ਅੰਗੀ
ਮੇਰੀ ਜ਼ਿੰਦਗੀ ਦੇ ਵਿੱਚ ਸੋਗ ਪਿਆ, ਮੈਨੂੰ ਸਭ ਨੇ ਚੰਦਰਾ ਰੋਗ ਕਿਹਾ
ਅਸ਼ੂਤ ਸੀ ਜਦ ਕਿਹਾ ਸਭ ਨੇ ਮੇਰਾ ਸੀ ਨਾ ਉਦੋਂ ਸੀ ਚੀਰ ਹੋਇਆ
ਪਰ ਨਾ ਪਿਆ ਕਿਸੇ ਦੀ ਨਜ਼ਰੀਂ ਮੇਰੇ ਨੈਣਾਂ ਚੋਂ ਜੋ ਨੀਰ ਚੋਇਆ
ਕਿੱਦਾਂ ਮੈਂ ਉਨਾਂ ਤੋਂ ਵੱਖ ਸੀ , ਦੱਸ ਮੈਂ ਕਿਹੜੀ ਗੱਲੋਂ ਘੱਟ ਸੀ
ਮੈਂ ਵੀ ਸੀ ਵਰਗੀ ਕਿਉਂ ਮੈਨੂੰ ਜੀਣ ਦਾ ਹੱਕ ਨਹੀਂ ਸੀ
ਹਾਂ ਪਰ ਉਨਾਂ ਦੇ ਵਿੱਚ ਬੈਠਣ ਦਾ ਮੈਨੂੰ ਕੋਈ ਹੱਕ ਨਹੀਂ ਸੀ
ਉਹ ਸੀ ਉੱਚੀ ਜਾਤ ਦੀਆਂ ,ਮੈਂ ਸੀ ਕੁੜੀ ਚਮਾਰਾਂ ਦੀ
ਉਨਾਂ ਲਈ ਸੇਜ਼ ਸੀ ਫੁੱਲਾਂ ਦੀ ਮੈਨੂੰ ਸੇਜ਼ ਮਿਲੀ ਸੀ ਖਾਰਾਂ ਦੀ
ਇਹ ਹੀ ਸੀ ਵਜਾਹ ਕੇ ਮੈਂ ਐਸਾ ਫੈਸਲਾ ਕਰ ਬੈਠੀ
ਮੌਤ ਦੇ ਮੂੰਹ ਚੋਂ ਬਚ ਕੇ ਵੀ ,ਆਪਣਿਆਂ ਲਈ ਮਰ ਬੈਠੀ
ਚੰਗਾ ਹੋਇਆ ਤੂੰ ਵੀ ਸੱਜਣਾ ਛੱਡ ਦਿੱਤਾ ਏ ਸਾਥ ਮੇਰਾ
ਐਵੇਂ ਮੇਰੇ ਨਾਂ ਨਾਲ ਲੱਗ ਬਦਨਾਮ ਹੋ ਗਿਆ ਨਾਮ ਤੇਰਾ
ਨਿਚੋੜ ਕੇ ਰੱਤ ਜਿਗਰ ਦਾ ਅੱਜ ਲਿਖਿਆ ਏ ਖਤ ਨਾਮ ਤੇਰੇ
ਅੱਜ ਕੀਤਾ ਹੈ ਦਿਲ ਕਰੜਾ ਸੁਣਨੇ ਨੇ ਸਭ ਇਲਜ਼ਾਮ ਤੇਰੇ
ਜਾਣਦੀ ਹਾਂ ਕਿ ਗੁਨਾਹ ਮੇਰਾ ਮਾਫੀ ਦੇ ਤਾਂ ਕਾਬਿਲ ਨਹੀਂ
ਤੇਰੀ ਜ਼ਿੰਦਗੀ ਦੇ ਵਿੱਚ ਭਾਵੇਂ ਨਾਂ ਮੇਰਾ ਹੁਣ ਸ਼ਾਮਿਲ ਨਹੀਂ
ਫਿਰ ਵੀ ਜੇਕਰ ਹੋ ਸਕਿਆ ਤਾਂ ਮਾਫ ਕਰ ਦਈਂ ਸੱਜਣਾ ਵੇ
ਜੱਗ ਦਾ ਲਾਇਆ ਦਾਗ ਇਹ ਚੰਦਰਾ ਸਾਫ ਕਰ ਦਈਂ ਸੱਜਣਾ ਵੇ
ਦਿਲ ਦੇ ਅੱਲੇ ਜ਼ਖਮਾਂ ਤੇ ਹੁਣ ਮੱਲਮ ਦੀ ਉਮੀਦ ਨਹੀਂ
ਹੰਝੂਆਂ ਦੇ ਵਹਿੰਦੇ ਸਾਗਰ ਦੇ ਠੱਲਣ ਦੀ ਉਮੀਦ ਨਹੀਂ
ਜਾਣਦੀ ਹਾਂ ਕਿ ਦੋਸਤ ਹੁਣ ਤੂੰ ਨਹੀਂ ਰਿਹਾ ਹਮਦਰਦ ਮੇਰਾ
ਫਿਰ ਵੀ ਤੇਰੇ ਅੱਗੇ ਦਿਲ ਫੋਲਣ ਦੀ ਹਿਮਾਕਤ ਕਰ ਬੈਠੀ
ਮੌਤ ਦੇ ਮੂੰਹ ਚੋਂ ਬਚ ਕੇ ਵੀ ,ਆਪਣਿਆਂ ਲਈ ਮਰ ਬੈਠੀ

Thursday, December 24, 2009

sirjna

ਨਵ ਜੀਵਨ ਦੀ ਸ਼ੁਰੂਆਤ ਇੰਜ ਹੀ ਤਾਂ ਹੁੰਦੀ ਹੈ
ਇੱਕ ਔਰਤ ਬੰਨੀ ਜਾਂਦੀ ਹੈ ਇੱਕ ਮਰਦ ਨਾਲ
ਪਹਿਲੇ ਸਹਿਵਾਸ ਦੀ ਪੀੜਾ ਸਹਿੰਦੀ
ਆਤਮਾ ਤੇ ਜਿਸਮ ਪੱਖੋਂ ਕੁਚਲੀ ਜਾਂਦੀ
ਫਿਰ ਗਰਭ ਦੀ ਪੀੜਾ ਸਹਿੰਦੀ
,ਚੱਕਰ ਖਾਂਦੀ , ਉਲਟੀਆਂ ਕਰਦੀ
ਪ੍ਸਵ ਦੀਆਂ ਅਸਿਹ ਪੀੜਾਂ ਸਹਿੰਦੀ
ਦਿੰਦੀ ਹੈ ਜਨਮ ਇੱਕ ਨਵੇਂ ਜੀਵ ਨੂੰ

ਨਵੇਂ ਸਮਾਜ ਦੀ ਸਿਰਜਨਾ ਵੀ ਤਾਂ ਇਸੇ ਤਰਾਂ ਹੁੰਦੀ ਹੈ
ਇੱਕ ਮਜ਼ਲੂਮ ਬੰਨਿਆ ਜਾਂਦਾ ਹਾਕਮਾਂ ਦੇ ਨਾਲ
ਰੋਜ਼ ਕੁਚਲਿਆ ਜਾਂਦਾ ਆਤਮਾ ਤੇ ਜਿਸਮ ਪੱਖੋਂ
ਰੋਜ਼ ਹੰਢਾਉਂਦਾ ਅਕਿਹ ,ਅਸਿਹ ਪੀੜਾ
ਮਹਿਨਤ ਤੇ ਸੰਘਰਸ਼ ਨਾਲ ਸਹਿਵਾਸ ਕਰਦਿਆਂ
ਮਨ ਗਰਭ ਧਾਰਨ ਕਰਦਾ ਹੈ ਇੱਕ ਨਵੇਂ ਸੁਪਨੇ ਦਾ
ਪਨਪਦਾ ਹੈ ਮਨ ਵਿੱਚ ਇੱਕ ਨਵੇਂ ਸਮਾਜ ਦਾ ਸੁਪਨਾ
ਫਿਰ ਸੁਪਨੇ ਨੂੰ ਰੂਪ ਦੇਣ ਲਈ ਸਹਿੰਦਾ ਹੈ ਉਹ ਪੀੜਾਂ
ਹਾਕਮਾਂ ਖਿਲਾਫ ਯੋਜਨਾ ਰਚਦਿਆਂ ਬਥੇਰੀ ਵਾਰ ਖਾਂਦਾ ਹੈ ਚੱਕਰ
ਲੰਬੇ ਸੰਘਰਸ਼ ਦਾ ਅਟੁੱਟ ਸਿਲਸਿਲਾ ਬਣਦਾ ਹੈ ਪ੍ਸਵ ਪੀੜਾ
ਕਿੰਨੀਆਂ ਕੁਰਬਾਨੀਆਂ,ਕਿੰਨੀਆਂ ਤਕਲੀਫਾਂ ਸਭ ਕੁਝ ਸਹਿੰਦਾ
ਇੱਕ ਮਜ਼ਲੂਮ ਹੀ ਜਨਮ ਦਿੰਦਾ ਹੈ ਨਵੇਂ ਸਮਾਜ ਨੂੰ

Friday, December 11, 2009

......................

ਮੈਂ ਕਦ ਕਿਹਾ ਸੀ ਕਿ ਰੁਕ ਮੇਰੇ ਲਈ
ਮੈਂ ਸਿਰਫ ਕਿਹਾ ਤੈਨੂੰ ਛੂਹਣ ਦੀ ਕੋਸ਼ਿਸ਼ ਕਰਾਂਗੀ ਮੈਂ
ਮੈਂ ਕਦ ਕਿਹਾ ਤੂੰ ਮੁੜ ਕੇ ਆਵੀਂ
ਮੈਂ ਤਾਂ ਬੱਸ ਕਿਹਾ ਇੰਤਜ਼ਾਰ ਰਹੇਗਾ ਤੇਰਾ
ਮੈਂ ਕਦ ਕਿਹਾ ਦਿਲ ਤੋੜ ਕੇ ਨਾ ਜਾ
ਮੈਂ ਤਾਂ ਬੱਸ ਕਿਹਾ ਇਹ ਸਰਮਾਇਆ ਹੈ ਤੇਰਾ
ਮੈਂ ਕਦ ਕਿਹਾ ਮੈਨੂੰ ਨਫਰਤ ਨਾ ਕਰ
ਮੈਂ ਤਾਂ ਸਿਰਫ ਕਿਹਾ ਤੂੰ ਪਿਆਰ ਹੈਂ ਮੇਰਾ

ਸੁਪਨ -ਸਰਪਣੀ

ਆਖਿਰ ਅੱਜ ਬੜੇ ਦਿਨਾਂ ਬਾਅਦ
ਤੂੰ ਆ ਹੀ ਗਿਆ
ਆਪਣੀ ਸੁਪਨ -ਸਰਪਣੀ ਕੋਲ
ਬਾਹਾਂ ਉਲਾਰ ਭਰ ਲਿਆ ਪਿਆਰ ਦੇ ਕਲਾਵੇ ਵਿੱਚ
ਤੇ ਉਹ ਕਰਦੀ ਰਹੀ ਤੇਰੇ ਚ ਸਮਾਉਣ ਦੀ ਨਾਕਾਮ ਕੋਸ਼ਿਸ਼
ਕੰਬਦੇ ਹੋਠਾਂ ਨੇ ਪਿਆਰ ਦੀ ਨਿਸ਼ਾਨੀ ਜੋ ਦਿੱਤੀ
ਖਿੜ ਗਈ ਕਲੀ ਮੁਰਝਾਈ ਸੀ ਇੰਤਜ਼ਾਰ ਵਿੱਚ
ਜ਼ੁਲਫ ਨਾਗਾਂ ਵਿੱਚ ਉਲਝਾਉਣ ਦੀ ਕੋਸ਼ਿਸ਼ ਕਰਦੀ
ਹੰਝੂ ਭਿੱਜੇ ਨੈਣਾਂ ਵਿੱਚ ਲੁਕਾਉਣ ਦੀ ਕੋਸ਼ਿਸ਼ ਕਰਦੀ
ਲਿਪਟੀ ਉਹ ਛਾਤੀ ਨਾਲ ਕਿਸੇ ਵੇਲ ਵਾਂਗਰਾਂ
ਤੇਰੇ ਮੁੜ ਨਾਲ ਜਿੱਤ ਦੀ ਖੁਸ਼ੀ
ਕਰੰਗ ਜਿਸਮ ਉਸਦਾ ਮੁੜ ਭਰ ਗਈ
ਤੇ ਭਰ ਮੁੜ ਤੋਂ ਠੰਡੇ ਸਾਹਾਂ ਵਿੱਚ ਨਿੱਘ
ਪਿਆਰ ਨੂੰ ਅਜੇ ਸੀ ਸਾਂਭਦੀ ਹੀ ਪਈ
ਤੂੰ ਗੱਲ ਕਰ ਦਿੱਤੀ ਫਿਰ ਮੁੜ ਜਾਣ ਦੀ
ਤੜਪੀ ਉਹ ਕਿਸੇ ਅਣਮੰਨੀ ਦਲੀਲ ਵਾਂਗਰਾਂ
ਪਰ ਵਕਤ ਵੱਲ ਇਸ਼ਾਰਾ ਕਰਦਾ ਤੂੰ ਹੱਥ ਛੁਡਾ ਗਿਆ
ਤੇ ਸੁੱਟ ਗਿਆ ਤਪਦੀ ਰੇਤ 'ਤੇ ਆਪਣੀ ਸੁਪਨ-ਸਰਪਣੀ ਨੂੰ

Wednesday, December 9, 2009

ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾਂ

ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾਂ .....-ਲੋਕ ਗੀਤ
ਗੀਤ ਤਾਂ ਇਹ ਕਦ ਤੋਂ ਹੀ ਸੁਣਦੀ ਆਈ ਹਾਂ
ਪਰ ਗੀਤ ਵਾਲਾ ਉਹ ਸੁਰਜਣ ਅੱਜ ਵੀ ਲੱਭਦੀ ਹਾਂ
ਰੇਸ਼ਮ ਦਾ ਜਾਮਾ, ਤਿੱਲੇ ਦੀ ਜੁੱਤੀ ਪਹਿਨੀ
ਗੀਤ ਵਾਲਾ ਉਹ ਸੁਰਜਣ ਅੱਜ ਵੀ ਲੱਭਦੀ ਹਾਂ
ਪਰ ਜੋ ਲੱਭੇ ਸੁਰਜਣ , ਉਹ ਇੱਦਾਂ ਦੇ ਤਾਂ ਨਹੀਂ
ਰੇਸ਼ਮ ਦੇ ਜਾਮੇ ਦੀ ਥਾਂ
ਕੂਹਣੀਆਂ ਕੋਲੋਂ ਘਸ ਚੁੱਕੀਆਂ ਕਮੀਜ਼ਾਂ ਹਨ
ਤਿੱਲੇ ਵਾਲੀ ਜੁੱਤੀ ਦੀ ਥਾਂ
ਟੁੱਟੀ ਹੋਈ ਬੱਦਰ ਵਾਲੀਆਂ ਚੱਪਲਾਂ ਹਨ
ਚਾਲ ਦੇ ਵਿੱਚ ਮੜਕ ਕੀ ਹੈ ਪਤਾ ਨਹੀਂ
ਉਹ ਤਾਂ ਕਰਜ਼ੇ ਵਿੱਚ ਧਸੀਆਂ ਲੱਤਾਂ
ਮਸਾਂ ਘਸੀਟਦੇ ਨੇ
ਰਾਜਿਆਂ ਵਾਲੇ ਖਾਣੇ ਦਾ ਤਾਂ ਪਤਾ ਨਹੀਂ
ਪਰ ਧਸੀਆਂ ਛਾਤੀਆਂ 'ਕਰੰਗ ਜਿਸਮ
ਕੁਝ ਹੋਰ ਕਹਾਣੀ ਦੱਸਦੇ ਨੇ
ਸਰਦਾਰਾਂ ਦੀ ਧੀ ਵਿਆਉਣ ਬਾਰੇ ਕਦ ਸੋਚਣ
ਅਜੇ ਤਾਂ ਬੂਹਾ ਮੱਲੀ ਬੈਠੀ ਭੈਣ ਦਾ ਫਿਕਰ ਹੈ
ਨਵਾਬਾਂ ਦੇ ਘਰ ਤਾਂ ਇਹ ਵੀ ਜਾਂਦੇ ਨੇ
ਪਰ ਬੈਠਣ ਨਹੀਂ , ਰੁਜ਼ਗਾਰ ਲਈ ਅੱਡੀਆਂ ਰਗੜਨ
ਪਰ ਥੱਕ ਹਾਰ ਕੇ ਜਦ ਵੀ ਘਰ ਨੂੰ ਪਰਤਦੇ ਨੇ
ਤਾਂ ਬੁੱਢੀ ਅੰਮੜੀ ਲਾਜ਼ਮੀ ਉਦੋਂ ਕਹਿੰਦੀ ਹੈ
"ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾਂ......"

sdaran kudi

ਕਿੰਝ ਛੋਹਾਂ ਕੋਈ ਵਸਲ ਹੰਡਾਉਂਦੀ ਨਜ਼ਮ
ਅਜੇ ਖੁਦ ਦਾ ਵਿਛੋੜਾ ਮੈਂ ਖੁਦ ਤੇ ਹੰਡਾ ਰਹੀ
ਕਿੰਝ ਕਰਾਂ ਮਹਿਕ ਦੇ ਸਰੂਰ ਦੀ ਚਰਚਾ
ਅਜੇ ਹੱਥਾਂ ਦੇ ਵਿੱਚ ਗੋਹੇ ਦੀ ਹਮਕ ਬਾਕੀ ਹੈ
ਮੈਂ ਕੀ ਜਾਣਾ ਹੁੰਦੀ ਕਿਸ ਤਰਾਂ ਦੀ ਪੀ੍ਤ ਛੋਹ
ਅਜੇ ਤਾਂ ਪਈਆਂ ਛਮਕਾਂ ਦੇ ਨਿਸ਼ਾਨ ਤਾਜ਼ਾ ਨੇ
ਅੱਖੀਆਂ ਅੰਦਰ ਕਿੰਝ ਵਸਾਵਾਂ ਸੁਪਨਿਆਂ ਦਾ ਅੰਬਰ
ਅਜੇ ਧੂਏਂ ਦੇ ਬੱਦਲਾਂ ਦੀ ਨੈਣੀਂ ਰੜਕ ਬਾਕੀ ਏ
ਫੁੱਲਾਂ ਦੀ ਸੇਜ਼ੇ ਤੁਰਨਾ ਕਿੰਝ ਹੁੰਦਾ ਏ ਕੀ ਜਾਣਾਂ
ਮੈਂ ਤਾਂ ਕੇਵਲ ਅੱਡੀਆਂ ਦੀਆਂ ਦਰਾਰਾਂ ਤੱਕੀਆਂ ਨੇ
ਮੈਂ ਕੀ ਜਾਣਾ ਕਿੰਝ ਬਦਲੇ ਸਮਾਜ ਦਾ ਨਕਸ਼ਾ
ਮੈਂ ਤਾਂ ਬੱਸ ਆਟੇ ਦੇ ਨਕਸ਼ੇ ਸੇਕਣਾ ਜਾਣਦੀ ਹਾਂ
ਤਲਵਾਰਾਂ ਦੇ ਨਾਲ ਸੀਨੇ ਚੀਰਨੇ ਨਹੀਂ ਜਾਣਦੀ ਮੈਂ
ਮੈਂ ਸੂਈਆਂ ਨਾਲ ਲੀੜੇ ਦੀ ਹਿੱਕ ਛੇਕਣਾ ਜਾਣਦੀ ਹਾਂ
ਮੈਂ ਨਹੀਂ ਜਾਣਦੀ ਕੀ ਹੁੰਦੇ ਦੇਸ਼ ਕੌਮ
ਮੈ ਸਿਰਫ ਘਰ ਵਿੱਚ ਏਕਾ ਰੱਖਣਾ ਜਾਣਦੀ ਹਾਂ
ਕਿਉਂਕਿ ਮੈਂ ਕੋਈ ਪਰੀ ਨਹੀਂ , ਨਾ ਹੀ ਕੋਈ ਚੰਡੀ ਹਾਂ
ਮੈਂ ਸਿਰਫ ਤੇ ਸਿਰਫ ਇੱਕ ਸਧਾਰਣ ਕੁੜੀ ਹਾਂ