Tuesday, December 29, 2009

ਮਹਿਬੂਬ ਨੂੰ

ਮੇਰੇ ਮਹਿਬੂਬ ਮੈਨੂੰ ਸਦਾ ਗਿਲਾ ਰਿਹਾ ਤੇਰੇ ਤੇ
ਸਦਾ ਗਿਲਾ ਰਿਹਾ ਤੇਰੀ ਮੁਹੱਬਤ ਤੇ
ਕਿ ਤੂੰ ਮੈਨੂੰ ਮੁਖਾਤਿਬ ਹੋ ਕੇ ਕੁਝ ਵੀ ਨਹੀ ਲਿਖਿਆ
ਕਿ ਤੂੰ ਮੇਰੀ ਮੁਹੱਬਤ ਲਈ ਕੁਝ ਵੀ ਨਹੀ ਕਰਿਆ
ਤੂੰ ਜਦ ਵੀ ਗੱਲ ਕੀਤੀ ਕਣਕ ਦੇ ਰੰਗ ਦੀ ਕੀਤੀ
ਤੱਕ ਚਾਨਣੀ ਕਪਾਹ ਨੂੰ ਆਉਂਦੀ ਸੰਗ ਦੀ ਕੀਤੀ
ਮੈਂ ਚਾਹੁੰਦੀ ਸੀ ਪਿਆਰ ਦੇ ਸਾਗਰ ਦਾ ਸ਼ੋਰ ਸੁਣਨਾ
ਪਰ ਤੂੰ ਸਦਾ ਵੱਟਾਂ ਤੇ ਖਾਲਾਂ ਚ ਗੁੰਮ ਰਿਹਾ
ਮੈਂ ਚਾਹੁੰਦੀ ਸੀ ਤੂੰ ਗੱਲ ਕਰੇਂ ਪਹੁ-ਫੁਟਾਲੇ ਦੀ
ਪਰ ਤੂੰ ਖੇਤੀਂ ਬੀਤੀਆਂ ਤਿਰਕਾਲਾਂ ਚ ਗੁੰਮ ਰਿਹਾ
ਮੈਂ ਮੱਖਣ ਤੋਂ ਕੂਲੇ ਹੱਥ ਤੇਰੇ ਵੱਲ ਉਲਾਰਦੀ ਰਹੀ
ਪਰ ਤੇਰਾ ਧਿਆਨ ਹੱਥੀਂ ਪਏ ਰੱਟਣਾਂ ਦੀ ਤਰਫ ਸੀ
ਮੈਂ ਚਾਹੁੰਦੀ ਸੀ ਕਿ ਤੂੰ ਸਜਾਵੇਂ ਖਾਬ ਮੇਰੇ ਸੰਗ
ਪਰ ਤੂੰ ਤਾਂ ਹਕੀਕਤਾਂ ਬਦਲਣ ਚ ਵਿਅਸਤ ਸੀ
ਤੇ ਮੈਂ ਸਦਾ ਤੇਰੇ ਤੇ ਗਿਲਾ ਕਰਦੀ ਰਹੀ
ਕਿ ਤੂੰ ਮੇਰੇ ਚਾਵਾਂ ਲਈ ਕੁਝ ਨਹੀਂ ਕੀਤਾ

ਪਰ ਅੱਜ ਜਦੋਂ ਘੁੰਮਦੀ ਘੁਮਾਉਂਦੀ ਤੇਰੇ ਸ਼ਹਿਰ ਆਈ
ਹੈਰਾਨੀਆਂ ਦੀ ਮੇਰੇ ਲਈ ਕੋਈ ਹੱਦ ਨਾ ਰਹੀ
ਤੇਰੇ ਖੇਤਾਂ ਵਿੱਚ ਕਣਕ ਬਣ ਕੇ ਪਿਆਰ ਉੱਗਆ ਸੀ
ਚੋਗੀਆਂ ਨੇ ਕਪਾਹਾਂ ਚੋਂ ਸਾਡਾ ਪਿਆਰ ਚੁਗਿਆ ਸੀ
ਖਾਲਾਂ ਚੋਂ ਮੋਹ ਦੇ ਸੰਗੀਤ ਦੀ ਧੁਨਕਾਰ ਆਈ ਸੀ
ਤਿਰਕਾਲਾਂ ਲੰਘ ਨਵੀਂ ਇੱਕ ਸਵੇਰ ਛਾਈ ਸੀ
ਹਰ ਥਾਂ ਤੂੰ ਮੁਹੱਬਤ ਨਾਂ ਦਾ ਬੂਟਾ ਲਾਇਆ ਸੀ
ਮੇਰੇ ਖਾਬਾਂ ਦੀ ਦੁਨੀਆ ਨੂੰ ਤੂੰ ਹਕੀਕਤ ਬਣਾਇਆ ਸੀ

ਪਰ ਮਾਫ ਕਰੀਂ ਮੈਂ ਪਾਗਲ ਕਦੇ ਸਮਝ ਨਾ ਸਕੀ
ਕਿ ਜੋ ਵੀ ਤੂੰ ਕੀਤਾ ਸਦਾ ਮੁਹੱਬਤ ਲਈ ਕੀਤਾ

1 comment: