Wednesday, November 25, 2009

kaash

ਉਹ ਕਹਿੰਦੇ ਨੇ ਕਿ ਕੁੜੀਆਂ ਹੁੰਦੀਆਂ ਚਿੜੀਆਂ ਨੇ
ਪਰ ਕਾਸ਼..ਕਾਸ਼ ਮੈਂ ਚਿੜੀ ਹੀ ਹੁੰਦੀ
ਜੇਕਰ ਹੁੰਦੀ ਕਲੀ
ਕਦੇ ਤਾਂ ਖਿੜੀ ਹੀ ਹੁੰਦੀ
ਪਰ ਮੈਂ ਤਾਂ ਹਾਂ ਕੁੜੀ , ਚਿੜੀ ਤਾਂ ਬਣ ਨਹੀਂ ਸਕਦੀ
ਪਰ ਮੈਂ ਤਾਂ ਹਾਂ ਕੁੜੀ ਕਲੀ ਬਣ ਖਿੜ ਨਹੀਂ ਸਕਦੀ
ਕਲੀਆਂ ਵਾਂਗੂ ਖਾਬ ਸਜਾ ਤਾਂ ਸਕਦੀ ਹਾਂ
ਪਰ ਉਨਾਂ ਖਾਬਾਂ ਨੂੰ ਮੈਂ ਜੀ ਸਕਦੀ ਨਹੀਂ
ਚਿੜੀਆਂ ਵਾਂਗੂ ਉੱਡਣਾ ਲੋਚ ਤਾਂ ਸਕਦੀ ਹਾਂ
ਪਰ ਕੁਤਰੇ ਖੰਭਾਂ ਨੂੰ ਮੈਂ ਸੀ ਸਕਦੀ ਨਹੀਂ
ਚਿੜੀਆਂ ਜਦ ਵੀ ਚਾਹੁਣ ਉਦੋਂ ਉੱਡ ਜਾਂਦੀਆਂ ਨੇ
ਜੇਹੜੀ ਡਾਲੀ ਚਾਹੁਣ ਆਲਣਾ ਪਾਉਂਦੀਆਂ ਨੇ
ਪਰ ਮੇਰੇ ਤਾਂ ਖੰਭ ਫਰਜ਼ ਦੀ ਭੇਂਟ ਚੜੇ
ਪੱਗ ਅਤੇ ਦੁੱਧ ਦੇ ਕਰਜ਼ ਦੀ ਭੇਂਟ ਚੜੇ
ਉਡ ਜਾਂਦੀ ਸੱਜਣ ਪਾਸ ਕਿਤੇ ਜੇ ਚਿੜੀ ਮੈਂ ਹੁੰਦੀ
ਮੈਂ ਰਹੀ ਹਾਂ ਅਰਜ਼ ਗੁਜ਼ਾਰ ...
ਕਾਸ਼ ਮੈਂ ਚਿੜੀ ਹੀ ਹੁੰਦੀ
ਕਰੇ ਭੌਰਾ ਕਲੀ ਨੂੰ ਪਿਆਰ ਕਿਸੇ ਦੀ ਰੋਕ ਨਹੀਂ
ਕਰ ਅਰਪਣ ਆਪਣਾ ਰਸ ਕਲੀ ਨੂੰ ਸ਼ੋਕ ਨਹੀਂ
ਹੈ ਕੀ ਭੌਰੇ ਦਿ ਜ਼ਾਤ ਕਦੇ ਕੋਈ ਪੁੱਛਦਾ ਨਹੀਂ
ਹੈ ਕਲੀ ਦੀ ਕੀ ਔਕਾਤ ਕਦੇ ਕੋਈ ਪੁੱਛਦਾ ਨਹੀਂ
ਪਰ ਮੇਰੇ ਤੇ ਬੰਦਿਸ਼ਾਂ ਲੱਖ ਹਜ਼ਾਰਾਂ ਨੇ
ਮੇਰਾ ਜ਼ਖਮੀ ਕੀਤਾ ਪਿਆਰ ਜਗਤ ਦਿਆਂ ਖਾਰਾਂ ਨੇ
ਮੌਤ ਤੋਂ ਪਹਿਲਾਂ ਇੱਕ ਵਾਰ ਉਸਨੂੰ ਮਿਲੀ ਹੀ ਹੁੰਦੀ
ਜੇਕਰ ਹੁੰਦੀ ਕਲੀ ਕਦੇ ਤਾਂ ਖਿੜੀ ਹੀ ਹੁੰਦੀ
ਕਾਸ਼ ....... ਕਾਸ਼......ਮੈਂ ਕਲੀ ਹੀ ਹੁੰਦੀ

Thursday, November 19, 2009

azaadi divas

੬੦ ਵਰੇ ਬੀਤੇ , ਹਰ ਵਰੇ ਇਸ ਦਿਨ
ਝੂਲਦਾ ਹੈ ਝੰਡਾ ਲਾਲ ਕਿਲੇ ਤੇ
ਜਸ਼ਨ ਮਨਾਉਂਦੇ ਹਾਂ ਅਸੀਂ ਅਜ਼ਾਦੀ ਦਿਵਸ ਦਾ
ਸਾਲ ਬਾਦ ਇਸ ਦਿਨ ਆਉਂਦਾ ਹੈ ਯਾਦ
ਕਿ ਸਾਨੂੰ ਮਿਲੀ ਹੈ ਅਜ਼ਾਦੀ
ਹਾਂ ਹਾਂ ਮਿਲੀ ਹੈ ਅਜ਼ਾਦੀ

ਬਖਤਾਵਰਾਂ ਨੂੰ ਮਿਲੀ ਜ਼ੁਲਮ ਢਾਹੁਣ ਦੀ ਅਜ਼ਾਦੀ,
ਸਮਾਜਵਾਦ ਦੀ ਖਿੱਲੀ ਉਡਾਉਣ ਦੀ ਅਜ਼ਾਦੀ,
ਬੇਰੁਜ਼ਗਾਰ ਨੂੰ ਭਟਕਦੇ ਮਰਨ ਦੀ ਅਜ਼ਾਦੀ,
ਨਵ-ਵਿਆਹੁਤਾ ਨੂੰ ਦਾਜ ਦੀ ਬਲੀ ਚੜਨ ਦੀ ਅਜ਼ਾਦੀ,
ਹਾਕਮਾਂ ਨੂੰ ਪਰਜਾ ਦਾ ਖੂਨ ਚੂਸਣ ਦੀ ਅਜ਼ਾਦੀ,
ਮਜ਼ਲੂਮਾਂ ਨੂੰ ਸਭ ਕੁਝ ਸਹਿਣ ਦੀ ਅਜ਼ਾਦੀ,
ਧਰਮ ਦੀ ਤਲਵਾਰ ਨੂੰ ਕਤਲ ਕਰਨ ਦੀ ਅਜ਼ਾਦੀ,
ਗਰੀਬਾਂ ਨੂੰ ਧਰਮ ਦੇ ਨਾਂ ਤੇ ਮਰਨ ਦੀ ਅਜ਼ਾਦੀ,
ਹਾਂ ਸਾਨੂੰ ਮਿਲੀ ਹੈ ਅਜ਼ਾਦੀ ,
ਹਾਂ ਹਾਂ ਮਿਲੀ ਹੈ ਅਜ਼ਾਦੀ,

ਕਿਸੇ ਓਪਰੀ ਕਸਰ ਦੇ ਵਹਿਮ ਜਹੀ ਅਜ਼ਾਦੀ,
ਕਤਲਕਾਂਡ ਤੋਂ ਬਾਦ ਫੈਲੇ ਸਹਿਮ ਜਹੀ ਅਜ਼ਾਦੀ,
ਕਿਸੇ ਅਮੀਰ ਦੇ ਦਰ ਤੇ ਬੰਨੇ ਕੁੱਤੇ ਜਹੀ ਅਜ਼ਾਦੀ,
ਜਾਂ ਚੋਣ ਰੈਲੀ ਦੇ ਕਿਸੇ ਲਾਰੇ ਜਹੀ ਅਜ਼ਾਦੀ,
ਲੇਲੇ ਨੂੰ ਭੇੜੀਏ ਤੋਂ ਮਿਲੀ ਮੌਤ ਜਹੀ ਅਜ਼ਾਦੀ ,
ਲੋਕਾਂ ਦੇ ਬੱਚੇ ਮਾਰਦੀ ਔਤ ਜਹੀ ਅਜ਼ਾਦੀ,
ਹਾਂ ਸਾਨੂੰ ਮਿਲੀ ਹੈ ਇਹੀ ਹੈ ਅਜ਼ਾਦੀ,

ਤੇ ਅੱਜ ਇੱਕੀ ਤੋਪਾਂ ਦੀ ਸਲਾਮੀ ਇਸ ਅਜ਼ਾਦੀ ਦੇ ਨਾਮ,
ਅੱਜ ਪੀਵਾਂਗੇ ਆਪਣੇ ਲਹੂ ਦਾ ਪਿਆਲਾ ,
ਇਸ ਅਜ਼ਾਦੀ ਦੀ ਸ਼ਾਮ ਦੇ ਨਾਮ

saada mel

ਤੇਰੀ ਅੱਖ ਚ ਰੜਕਦੇ ਸੁਪਨੇ ਦੀ ਸਹੁੰ
ਮੈਂ ਆ ਸਕਦੀ ਹਾਂ ਤੇਰੇ ਕੋਲ
ਭਰ ਸਕਦੀ ਹਾਂ ਤੇਰੇ ਦਿਲ ਦੀ ਵੀਰਾਨੀ
ਮੇਰੇ ਖੁਸ਼ਕ ਹੋਂਠ ਚੂਸ ਸਕਦੇ ਨੇ ਤੇਰੇ ਲਬਾਂ ਦੀ ਉਦਾਸੀ
ਬਾਹਾਂ ਬਣ ਸਕਦੀਆਂ ਨੇ ਤੇਰੇ ਲਈ ਸਕੂਨਕ ਪੜਾਵ
ਤੇਰੇ ਹੰਝੂ ਪੀ ਸਕਦੀ ਹਾਂ ਅੰਮਿ੍ਤ ਵਾਂਗ
ਕਰ ਸਕਦੀ ਹਾਂ ਅਰਪਣ ਲਹੂ ਦਾ ਹਰ ਕਤਰਾ
ਤੈਨੂੰ ਗੁਲਾਬ ਵਾਂਗ ਖੇੜੇ ਚ ਲਿਆਉਣ ਲਈ
ਹਾਂ ਮੈਂ ਆ ਸਕਦੀ ਹਾਂ
ਪਰ ਨਹੀਂ................
ਮੈਂ ਇੰਝ ਨਹੀਂ ਆਵਾਂਗੀ ਤੇਰੀਆਂ ਬਾਹਾਂ ਵਿੱਚ
ਤੇਰੇ ਤੋਂ ਦੂਰ ਰਹਿ ਤੜਪਾਂਗੀ ਮੈਂ ,
ਤੂੰ ਵੀ ਤੜਪ
ਅਜੇ ਬਹਾ ਹੰਝੂ ਤੇ ਬਣਨ ਦੇ ਇੰਨਾ ਨੂੰ ਛੋਅਲੇ
ਮਿਲਾਪ ਲਈ ਕਰ ਤਿਆਰ ਬਾਗ
ਤੇ ਖਿੜਾ ਉਸ ਵਿੱਚ ਮਨੁੱਖਤਾ ਦੇ ਫੁੱਲ
ਸੜ ਇਕਲਾਪੇ ਦੀ ਅੱਗ ਵਿੱਚ
ਤੇ ਜਲਾ ਦੇ ਜੱਗ ਦੀਆਂ ਰਸਮਾਂ ਨੂੰ
ਬੇਖੌਫ ਹੋ ਜਿੱਥੇ ਪਲ ਸਕੇ ਪਿਆਰ
ਸੱਜਣਾ ਪਹਿਲਾਂ ਕੋਈ ਸਮਾਜ ਸਿਰਜ
ਚੁੰਮਣਾਂ ਦੀ ਦਾਸਤਾਨ ਫੇਰ ਲਿਖ ਲਈਂ
ਪਹਿਲਾਂ ਜੁਗ ਬਦਲਦੀ ਕੋਈ ਵੀਰਗਾਥਾ ਲਿਖ
ਤੇਰੀ ਸਿਆਹੀ ਸਿੰਜੇਗੀ ਪਿਆਰ ਦੇ ਫੁੱਲ
ਤੇ ਮਹਿਕੇਗਾ ਆਖਿਰ ਮਹੁੱਬਤਾਂ ਦਾ ਬਾਗ
ਤੇ ਉਸ ਬਾਗ ਵਿੱਚ ਸਾਡਾ ਮੇਲ ਜ਼ਰੂਰ ਹੋਵੇਗਾ

Tuesday, November 17, 2009

ਐ ਸਰਮਾਏਦਾਰ਼
ਤੂੰ ਮੇਰੇ ਘਰ ਆਇਆ
ਮੈਂ ਮਹਿਮਾਨ ਨਿਵਾਜ਼ੀ ਕੀਤੀ
ਆਪਣੀ ਟੁੱਟੀ ਮੰਜੀ ਦੀ ਥਾਂ
ਤੈਨੂੰ ਆਪਣੀ ਛਾਤੀ ਤੇ ਬਿਠਾਇਆ
ਤੂੰ ਖਾਣੇ ਦੀ ਮੰਗ ਕੀਤੀ
ਮੈਂ ਆਪਣੇ ਬਾਲ ਦੇ ਮੂੰਹ ਦੀ ਬੁਰਕੀ
ਤੇਰੇ ਮੂੰਹ ਵਿੱਚ ਪਾ ਦਿੱਤੀ
ਤੂੰ ਸ਼ਰਾਬ ਦੀ ਮੰਗ ਕੀਤੀ
ਆਪਣਾ ਲਹੂ ਉਬਾਲ ਮੈਂ ਮਦਿਰਾ ਬਣਾ ਦਿੱਤੀ
ਤੂੰ ਮੇਰੀ ਭੈਣ ਦੀ ਹਿੱਕ ਤੋਂ ਚੁੰਨੀ ਉਡਾਈ
ਮੈਂ ਮਜਬੂਰ ਨਜ਼ਰ ਝੁਕਾ ਦਿੱਤੀ
ਤੂੰ ਕਿਹਾ ਗੁਲਾਮੀ ਕਰ
ਹੱਥ ਜੋੜ ਮੈਂ ਰਜ਼ਾ ਪੁਗਾ ਦਿੱਤੀ
ਮੇਰੇ ਘਰ ਦੀ ਮਿੱਟੀ ਵੀ
ਤੂੰ ਆਪਣੇ ਮਹਿਲੀਂ ਲਾ ਲਈ
ਮੈਂ ਖਾਮੋਸ਼ ਰਹਿ ਗਿਆ

ਪਰ ਹੁਣ ਮੈਨੂੰ ਭੁੱਖ ਲੱਗੀ ਹੈ
ਮੇਰੇ ਪੇਟ ਦੀ ਅੱਗ ਕਰ ਰਹੀ ਹੈ ਮੈਨੂੰ ਮਜਬੂਰ
ਕਿ ਮੈਂ ਉੱਠਾਂ
ਖੋ ਲਵਾਂ ਤੇਰੇ ਤੋਂ ਆਪਣੇ ਹਿੱਸੇ ਦੀ ਬੁਰਕੀ
ਆਪਣੇ ਹੱਥਾਂ ਦੇ ਛਾਲਿਆਂ ਚੋਂ ਰਿਸਦੀ ਪੀਕ
ਤੇਲ ਬਣਾ ਚੋ ਦਿਆਂ ਤੇਰੀਆਂ ਜੜਾਂ ਵਿੱਚ
ਆਪਣੇ ਹੱਥ ਵਿਚਲੇ ਹਥੌੜੇ ਨਾਲ
ਢਾਹ ਦਿਆਂ ਤੇਰੇ ਸਾਮਰਾਜੀ ਮਹਿਲ
ਆਪਣੀ ਦਾਤੀ ਨੂੰ ਕਟਾਰ ਬਣਾ ਕੇ
ਕੱਟ ਦਿਆਂ ਤੇਰੇ ਸਿਰ ਦੀ ਫਸਲ
ਉਧੇੜ ਕੇ ਤੇਰੀ ਖੱਲ
ਕੱਜ ਦਿਆਂ ਆਪਣੀ ਭੈਣ ਦੀ ਹਿੱਕ
ਤੇ ਮੇਰੇ ਮੁੜਕੇ ਦਾ ਹੜ
ਰੋੜ ਲੈ ਜਾਵੇ ਤੇਰੇ ਆਖਰੀ ਨਿਸ਼ਾਨ ਵੀ
ਕਿਉਂਕਿ ਸਦੀਆਂ ਦੀ ਮੇਰੀ ਭੁੱਖ
ਤੇਰੇ ਅੰਤ ਨਾਲ ਹੀ ਮਿਟ ਸਕਦੀ ਹੈ

Friday, November 6, 2009

parvaas

ਲੈ ਅਰੂਪ ਕੋਲੋਂ ਰੂਪ ਆਇਆ ਧਰਤ ਤੇ
ਬੱਦਲ ਦੀ ਕੁੱਖ ਦਾ ਜਾਇਆ
ਬਣਿਆ ਇੱਕ ਬੂੰਦ
ਡਿੱਗਿਆ ਜਾ ਵਿੱਚ ਮਾਨਸਰੋਵਰ
ਸਮਝੇ ਖੁਦ ਨੂੰ ' ਮੈਂ ਹਾਂ ਸਮੁੰਦਰ'
ਜਾ ਪਿਆ ਖੁੱਲੀ ਸੀਪ ਦੇ ਮੂੰਹ ਵਿੱਚ
ਬਣਿਆ ਸੁੱਚਾ ਮੋਤੀ
ਹੰਸ ਨੇ ਚੁਗਿਆ, ਹੰਸ ਚ ਵੜਿਆ
ਸਮਝੇ ਖੁਦ ਨੂੰ ਹੰਸ-ਦੇਸ਼ ਦਾ ਵਾਸੀ
ਬਣ ਪਰਿੰਦਾ ਖੁਦ ਨੂੰ ਸਮਝੇ
ਮੈਂ ਅੰਬਰ ਦਾ ਰਾਜਾ
ਅੰਬਰ ਮੇਰਾ ,ਮੈਂ ਅੰਬਰ ਦਾ
ਹੋਇਆ ਸਭ ਤੋਂ ਬਾਗੀ
ਉੱਡਿਆ ਉੱਚਾ , ਹੋਰ ਵੀ ਉੱਚਾ
ਪਰ ਅੰਬਰ ਨਾ ਮੁੱਕਾ
ਥੱਕ ਆਲਣੇ ਵਿੱਚ ਆ ਬੈਠਾ
ਖੰਭਾਂ ਵਿੱਚ ਮੂੰਹ ਲੁਕੋਈ
ਫਿਰ ਬਣਿਆ ਪਸ਼ੂ ਤਾਂ ਸਮਝੇ ਖੁਦ ਨੂੰ
ਮੈਂ ਜੰਗਲ ਦਾ ਰਾਜਾ
ਕੁੱਦੇ ਨੱਚੇ ਮੌਜਾਂ ਮਾਣੇ
ਆਪਣੇ ਆਪ ਚ ਖੋਇਆ
ਫਿਰ ਦਹਾੜਿਆ ਕੋਈ, ਜੰਗਲ ਗੂੰਜਿਆ
ਤੇ ਬਣਿਆ ਰਾਜਾ , ਕਿਸੇ ਦਾ ਖਾਜਾ
ਫਿਰ ਬਣਿਆ ਇੱਕ ਬੁੱਤ
ਨਾਂ ਧਰਿਆ ਗਿਆ ਇਨਸਾਨ
" ਜਾ ਨੀਂ ਕੁਦਰਤ , ਤੈਨੂੰ ਕੀ ਜਾਣਾਂ?"
ਤੂੰ ਜਿਊਂਦੀ ਮੇਰਾ ਅਹਿਸਾਨ"
"ਕਿਉਂਕਿ ਮੈਂ ਹਾਂ ਇਨਸਾਨ"
ਮਾਇਆ ਨਗਰੀ ਜਾਲ ਵਿਛਾਇਆ
ਫਸਿਆ ਜਾ ਵਿਚਕਾਰ
ਪੱਥਰ-ਢੇਰੀ ਨੂੰ ਘਰ ਸਮਝੇ
ਹਵਸ ਨੂੰ ਸਮਝੇ ਪਿਆਰ
ਜ਼ਹਿਰ ਨੂੰ ਸ਼ਹਿਦ ਸਮਝ ਕੇ ਚੱਟੇ
ਫਿਰਦਾ ਹੋਸ਼ ਗਵਾਈ
ਰੰਗ ਤਮਾਸ਼ਿਆਂ ਐਸਾ ਮੋਹਿਆ
ਆਪਣੀ ਹੋਂਦ ਭੁਲਾਈ
ਮਾਤ ਦੇਸ਼ ਦਾ ਰਿਹਾ ਨਾ ਚੇਤਾ
ਖੋਇਆ ਵਿੱਚ ਪਰਦੇਸ
ਖੁਦ ਨੂੰ ਬੱਸ ਹੱਡ ਮਾਸ ਹੀ ਸਮਝੇ
ਭੁੱਲਿਆ ਅਸਲੀ ਵੇਸ
ਖੇਡਾਂ ਖੇਡੇ , ਰੋਵੇ ਹੱਸੇ
ਖੁਦ ਨੂੰ ਧਰਤ ਦਾ ਰਾਜਾ ਦੱਸੇ
ਪਰ ਫੇਰ ਇੱਕ ਵਗੀ ਹਨੇਰੀ
ਲੈ ਆਈ ਫੁਰਮਾਨ
ਮਾਤਦੇਸ ਨੂੰ ਨਾਲ ਮੇਰੇ ਚੱਲ
ਕਿਹਾ ਆ ਕੇ ਮੌਤ ਰਕਾਨ
ਤੇ ਲੈ ਬੁੱਕਲ ਵਿੱਚ ਪਰਦੇਸੀ
ਉੱਡ ਗਈ ਮੌਤ ਰਕਾਨ
ਜਦ ਜਾ ਸੁੱਟਿਆ ਮਾਤ ਦੇਸ਼ ਵਿੱਚ
ਹੋਸ਼ ਪਰਤ ਤਦ ਆਸੀ
ਆਖਿਰ ਦੇਸ਼ ਨੂੰ ਪਰਤ ਆਇਆ
ਭੋਲਾ ਪੰਛੀ ਪਰਦੇਸੀ

Sunday, November 1, 2009

ਖਾਮੋਸ਼ੀ ਦੀ ਆਵਾਜ਼

ਖਾਮੋਸ਼ੀ ਵਿੱਚ ਗੁੰਮਿਆਂ ਤੋਂ ਪੁੱਛ ਕ ਦੇਖੀਂ
ਖਾਮੋਸ਼ੀ ਦੀ ਆਵਾਜ਼ ਵੀ ਕੁਝ ਕਹਿੰਦੀ ਹੈ
ਗੱਲ ਜੋ ਸ਼ੋਰ ਤੋਂ ਬਰਦਾਸ਼ਤ ਨਹੀਂ ਹੁੰਦੀ
ਖਾਮੋਸ਼ ਹੋ ਖਾਮੋਸ਼ੀ ਉਸਨੂੰ ਸਹਿੰਦੀ ਹੈ

ਫੋਲਦੀ ਇਤਿਹਾਸ ਦੇ ਗੌਰਵਮਈ ਵਰਕੇ
ਜ਼ੁਲਮ ਦੀ ਦਾਸਤਾਨ ਹੰਡਾਇਆ ਜੋ ਇਸਨੇ
ਪੁੱਛੀਂ ਜ਼ਰਾ ਚੌਂਕ ਚ ਖੜੇ ਖਾਮੋਸ਼ ਬੁੱਤ ਤੋਂ
ਜ਼ਰੂਰ ਸੁਣਾਵੇਗਾ ਆਪਣੀ ਜਿੱਤ ਦੀ ਦਾਸਤਾਨ
ਪੁੱਛੀਂ ਜ਼ਰਾ ਮੰਦਿਰ ਚ ਪਈ ਖਾਮੋਸ਼ ਮੂਰਤ ਤੋਂ
ਜ਼ਰੂਰ ਸੁਣਾਵੇਗੀ ਉਹ ਆਪਣੀ ਮਿੱਥ ਦੀ ਦਾਸਤਾਨ

ਪਰ ਜ਼ਰਾ ਖਿਆਲ ਰੱਖੀਂ ,ਨਾ ਪੁੱਛ ਬੈਠੀਂ
ਸ਼ੀਸ਼ੇ ਚ ਖੜੇ ਖਾਮੋਸ਼ ਅਕਸ ਤੋਂ
ਜੇ ਉਹ ਬੋਲਿਆ ਤਾਂ ਭੇਦ ਖੁੱਲ ਜਾਣਗੇ
ਤੇਰੇ ਅੰਦਰ ਛੁਪੀ ਤੇਰੀ ਨਾਮਰਦੀ ਦੇ

ਨਾ ਪੁੱਛੀਂ ਕਿਸੇ ਗਰੀਬ ਦੀ ਖਾਮੋਸ਼ ਅੱਖ ਤੋਂ
ਖੋਲੇਗੀ ਭੇਦ ਤੇਰੇ ਹੈਵਾਨ ਹੋਣ ਦਾ
ਇੱਕ ਨਾ ਪੁੱਛੀਂ ਦਫਤਰ ਦੀ ਖਾਮੋਸ਼ ਫਾਇਲ ਤੋਂ
ਭੇਦ ਖੋਲੇਗੀ ਤੇਰੇ ਬੇਈਮਾਨ ਹੋਣ ਦਾ

ਨਾ ਪੁੱਛੀਂ ਅੰਬਰ ਦੇ ਖਾਮੋਸ਼ ਚੰਨ ਨੂੰ
ਖੋਲੇਗਾ ਭੇਦ ਤੇਰੇ ਕੀਤੇ ਕਤਲਾਂ ਦਾ
ਨਾ ਛੇੜੀਂ ਮਾਰੂਥਲ ਦੇ ਖਾਮੋਸ਼ ਅੱਕ ਨੂੰ
ਖੋਲੇਗਾ ਭੇਦ ਤੇਰੀਆਂ ਨਫਰਤੀ ਫਸਲਾਂ ਦਾ

ਕਰ ਦੇਵੇਗੀ ਤੇਰੇ ਵਜੂਦ ਨੂੰ ਲੀਰੋ ਲੀਰ
ਜੇ ਕਦੇ ਤੇਰੀ ਖਾਮੋਸ਼ ਆਤਮਾ ਬੋਲ ਪਈ
ਮਸ਼ਵਰਾ ਹੈ ਤੈਨੂੰ ਰਹੀਂ ਸ਼ੋਰ ਵਿੱਚ ਹੀ ਗੁੰਮ
ਕਿਉਂਕਿ
ਖਾਮੋਸ਼ੀ ਦੀ ਆਵਾਜ਼ ਬਹੁਤ ਕੁਝ ਕਹਿੰਦੀ ਏ

hr nazar

ਹਰ ਨਜ਼ਰ ਮੈਨੂੰ ਤਮਾ੍ ਲਗਦੀ ਏ
ਹਨੇਰਿਆਂ ਤੋਂ ਕਾਲੀ ਸ਼ਮਾ ਲਗਦੀ ਏ
ਚੁੱਲੇ ਦੀ ਬੁਝੀ ਅੱਗ ਨੂੰ ਫੋਲਦੀ ਨਜ਼ਰ
ਉਦਾਰੀ ਹੀ ਇੱਕ ਅੰਨ ਦੀ ਬੁਰਕੀ ਲੱਭਦੀ ਏ
ਮੌਤ ਦੀ ਹਵਾੜ ਸੁੰਘਦੀ ਇੱਕ ਨਾਸ
ਧਰਤੀ ਚੋਂ ਸੂਤਕ ਦੀ ਮਹਿਕ ਲੱਭਦੀ ਏ
ਕਿਸੇ ਬਰੂਟੀ ਉਹਲਿਉਂ ਜਹਿਰ ਵਿਲੱਸੀ ਨਾਗਣ
ਨੋਚਣ ਲਈ ਮਾਸੂਮ ਬੋਟ ਲੱਭਦੀ ਏ
ਸਾੜਨ ਲਈ ਆਪਣੀ ਖਿੱਚ ਦੀ ਅਗਨ ਵਿੱਚ ਇੱਕ ਲੋਅ
ਪਾਗਲ ਪਰਵਾਨੇ ਦਾ ਪਤਾ ਲੱਭਦੀ ਏ
ਸਣੇ ਗਮਾਂ ਦੇ ਖੁਦ ਉਸ ਵਿੱਚ ਡੁੱਬ ਜਾਣ ਲਈ
ਪਿਆਸੀ ਨਜ਼ਰ ਪੈਮਾਨਾ ਕੋਈ ਲੱਭਦੀ ਏ
ਬਿਰਹਾ ਕੁੱਠੀ ਨਾਰ ਇੱਕ ਸਰਦ ਰਾਤ ਵਿੱਚ
ਸਮਾਉਣ ਲਈ ਆਗੋਸ਼ ਕੋਈ ਲੱਭਦੀ ਏ
"ਮੀਤ" ਨੂੰ ਇਹੀ ਪਤਾ ਹੈ ਹਰ ਨਜ਼ਰ
ਆਪਣੇ ਆਪ ਦਾ ਹੀ ਪਤਾ ਲੱਭਦੀ ਏ
ਹਰ ਨਜ਼ਰ ਮੈਨੂੰ ਤਮਾ੍ ਲਗਦੀ ਏ
ਹਨੇਰਿਆਂ ਤੋਂ ਕਾਲੀ ਸ਼ਮਾ ਲਗਦੀ ਏ