Sunday, November 1, 2009

ਖਾਮੋਸ਼ੀ ਦੀ ਆਵਾਜ਼

ਖਾਮੋਸ਼ੀ ਵਿੱਚ ਗੁੰਮਿਆਂ ਤੋਂ ਪੁੱਛ ਕ ਦੇਖੀਂ
ਖਾਮੋਸ਼ੀ ਦੀ ਆਵਾਜ਼ ਵੀ ਕੁਝ ਕਹਿੰਦੀ ਹੈ
ਗੱਲ ਜੋ ਸ਼ੋਰ ਤੋਂ ਬਰਦਾਸ਼ਤ ਨਹੀਂ ਹੁੰਦੀ
ਖਾਮੋਸ਼ ਹੋ ਖਾਮੋਸ਼ੀ ਉਸਨੂੰ ਸਹਿੰਦੀ ਹੈ

ਫੋਲਦੀ ਇਤਿਹਾਸ ਦੇ ਗੌਰਵਮਈ ਵਰਕੇ
ਜ਼ੁਲਮ ਦੀ ਦਾਸਤਾਨ ਹੰਡਾਇਆ ਜੋ ਇਸਨੇ
ਪੁੱਛੀਂ ਜ਼ਰਾ ਚੌਂਕ ਚ ਖੜੇ ਖਾਮੋਸ਼ ਬੁੱਤ ਤੋਂ
ਜ਼ਰੂਰ ਸੁਣਾਵੇਗਾ ਆਪਣੀ ਜਿੱਤ ਦੀ ਦਾਸਤਾਨ
ਪੁੱਛੀਂ ਜ਼ਰਾ ਮੰਦਿਰ ਚ ਪਈ ਖਾਮੋਸ਼ ਮੂਰਤ ਤੋਂ
ਜ਼ਰੂਰ ਸੁਣਾਵੇਗੀ ਉਹ ਆਪਣੀ ਮਿੱਥ ਦੀ ਦਾਸਤਾਨ

ਪਰ ਜ਼ਰਾ ਖਿਆਲ ਰੱਖੀਂ ,ਨਾ ਪੁੱਛ ਬੈਠੀਂ
ਸ਼ੀਸ਼ੇ ਚ ਖੜੇ ਖਾਮੋਸ਼ ਅਕਸ ਤੋਂ
ਜੇ ਉਹ ਬੋਲਿਆ ਤਾਂ ਭੇਦ ਖੁੱਲ ਜਾਣਗੇ
ਤੇਰੇ ਅੰਦਰ ਛੁਪੀ ਤੇਰੀ ਨਾਮਰਦੀ ਦੇ

ਨਾ ਪੁੱਛੀਂ ਕਿਸੇ ਗਰੀਬ ਦੀ ਖਾਮੋਸ਼ ਅੱਖ ਤੋਂ
ਖੋਲੇਗੀ ਭੇਦ ਤੇਰੇ ਹੈਵਾਨ ਹੋਣ ਦਾ
ਇੱਕ ਨਾ ਪੁੱਛੀਂ ਦਫਤਰ ਦੀ ਖਾਮੋਸ਼ ਫਾਇਲ ਤੋਂ
ਭੇਦ ਖੋਲੇਗੀ ਤੇਰੇ ਬੇਈਮਾਨ ਹੋਣ ਦਾ

ਨਾ ਪੁੱਛੀਂ ਅੰਬਰ ਦੇ ਖਾਮੋਸ਼ ਚੰਨ ਨੂੰ
ਖੋਲੇਗਾ ਭੇਦ ਤੇਰੇ ਕੀਤੇ ਕਤਲਾਂ ਦਾ
ਨਾ ਛੇੜੀਂ ਮਾਰੂਥਲ ਦੇ ਖਾਮੋਸ਼ ਅੱਕ ਨੂੰ
ਖੋਲੇਗਾ ਭੇਦ ਤੇਰੀਆਂ ਨਫਰਤੀ ਫਸਲਾਂ ਦਾ

ਕਰ ਦੇਵੇਗੀ ਤੇਰੇ ਵਜੂਦ ਨੂੰ ਲੀਰੋ ਲੀਰ
ਜੇ ਕਦੇ ਤੇਰੀ ਖਾਮੋਸ਼ ਆਤਮਾ ਬੋਲ ਪਈ
ਮਸ਼ਵਰਾ ਹੈ ਤੈਨੂੰ ਰਹੀਂ ਸ਼ੋਰ ਵਿੱਚ ਹੀ ਗੁੰਮ
ਕਿਉਂਕਿ
ਖਾਮੋਸ਼ੀ ਦੀ ਆਵਾਜ਼ ਬਹੁਤ ਕੁਝ ਕਹਿੰਦੀ ਏ

2 comments: