Wednesday, December 9, 2009

ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾਂ

ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾਂ .....-ਲੋਕ ਗੀਤ
ਗੀਤ ਤਾਂ ਇਹ ਕਦ ਤੋਂ ਹੀ ਸੁਣਦੀ ਆਈ ਹਾਂ
ਪਰ ਗੀਤ ਵਾਲਾ ਉਹ ਸੁਰਜਣ ਅੱਜ ਵੀ ਲੱਭਦੀ ਹਾਂ
ਰੇਸ਼ਮ ਦਾ ਜਾਮਾ, ਤਿੱਲੇ ਦੀ ਜੁੱਤੀ ਪਹਿਨੀ
ਗੀਤ ਵਾਲਾ ਉਹ ਸੁਰਜਣ ਅੱਜ ਵੀ ਲੱਭਦੀ ਹਾਂ
ਪਰ ਜੋ ਲੱਭੇ ਸੁਰਜਣ , ਉਹ ਇੱਦਾਂ ਦੇ ਤਾਂ ਨਹੀਂ
ਰੇਸ਼ਮ ਦੇ ਜਾਮੇ ਦੀ ਥਾਂ
ਕੂਹਣੀਆਂ ਕੋਲੋਂ ਘਸ ਚੁੱਕੀਆਂ ਕਮੀਜ਼ਾਂ ਹਨ
ਤਿੱਲੇ ਵਾਲੀ ਜੁੱਤੀ ਦੀ ਥਾਂ
ਟੁੱਟੀ ਹੋਈ ਬੱਦਰ ਵਾਲੀਆਂ ਚੱਪਲਾਂ ਹਨ
ਚਾਲ ਦੇ ਵਿੱਚ ਮੜਕ ਕੀ ਹੈ ਪਤਾ ਨਹੀਂ
ਉਹ ਤਾਂ ਕਰਜ਼ੇ ਵਿੱਚ ਧਸੀਆਂ ਲੱਤਾਂ
ਮਸਾਂ ਘਸੀਟਦੇ ਨੇ
ਰਾਜਿਆਂ ਵਾਲੇ ਖਾਣੇ ਦਾ ਤਾਂ ਪਤਾ ਨਹੀਂ
ਪਰ ਧਸੀਆਂ ਛਾਤੀਆਂ 'ਕਰੰਗ ਜਿਸਮ
ਕੁਝ ਹੋਰ ਕਹਾਣੀ ਦੱਸਦੇ ਨੇ
ਸਰਦਾਰਾਂ ਦੀ ਧੀ ਵਿਆਉਣ ਬਾਰੇ ਕਦ ਸੋਚਣ
ਅਜੇ ਤਾਂ ਬੂਹਾ ਮੱਲੀ ਬੈਠੀ ਭੈਣ ਦਾ ਫਿਕਰ ਹੈ
ਨਵਾਬਾਂ ਦੇ ਘਰ ਤਾਂ ਇਹ ਵੀ ਜਾਂਦੇ ਨੇ
ਪਰ ਬੈਠਣ ਨਹੀਂ , ਰੁਜ਼ਗਾਰ ਲਈ ਅੱਡੀਆਂ ਰਗੜਨ
ਪਰ ਥੱਕ ਹਾਰ ਕੇ ਜਦ ਵੀ ਘਰ ਨੂੰ ਪਰਤਦੇ ਨੇ
ਤਾਂ ਬੁੱਢੀ ਅੰਮੜੀ ਲਾਜ਼ਮੀ ਉਦੋਂ ਕਹਿੰਦੀ ਹੈ
"ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾਂ......"

No comments:

Post a Comment