Tuesday, December 29, 2009

ਮਹਿਬੂਬ ਨੂੰ

ਮੇਰੇ ਮਹਿਬੂਬ ਮੈਨੂੰ ਸਦਾ ਗਿਲਾ ਰਿਹਾ ਤੇਰੇ ਤੇ
ਸਦਾ ਗਿਲਾ ਰਿਹਾ ਤੇਰੀ ਮੁਹੱਬਤ ਤੇ
ਕਿ ਤੂੰ ਮੈਨੂੰ ਮੁਖਾਤਿਬ ਹੋ ਕੇ ਕੁਝ ਵੀ ਨਹੀ ਲਿਖਿਆ
ਕਿ ਤੂੰ ਮੇਰੀ ਮੁਹੱਬਤ ਲਈ ਕੁਝ ਵੀ ਨਹੀ ਕਰਿਆ
ਤੂੰ ਜਦ ਵੀ ਗੱਲ ਕੀਤੀ ਕਣਕ ਦੇ ਰੰਗ ਦੀ ਕੀਤੀ
ਤੱਕ ਚਾਨਣੀ ਕਪਾਹ ਨੂੰ ਆਉਂਦੀ ਸੰਗ ਦੀ ਕੀਤੀ
ਮੈਂ ਚਾਹੁੰਦੀ ਸੀ ਪਿਆਰ ਦੇ ਸਾਗਰ ਦਾ ਸ਼ੋਰ ਸੁਣਨਾ
ਪਰ ਤੂੰ ਸਦਾ ਵੱਟਾਂ ਤੇ ਖਾਲਾਂ ਚ ਗੁੰਮ ਰਿਹਾ
ਮੈਂ ਚਾਹੁੰਦੀ ਸੀ ਤੂੰ ਗੱਲ ਕਰੇਂ ਪਹੁ-ਫੁਟਾਲੇ ਦੀ
ਪਰ ਤੂੰ ਖੇਤੀਂ ਬੀਤੀਆਂ ਤਿਰਕਾਲਾਂ ਚ ਗੁੰਮ ਰਿਹਾ
ਮੈਂ ਮੱਖਣ ਤੋਂ ਕੂਲੇ ਹੱਥ ਤੇਰੇ ਵੱਲ ਉਲਾਰਦੀ ਰਹੀ
ਪਰ ਤੇਰਾ ਧਿਆਨ ਹੱਥੀਂ ਪਏ ਰੱਟਣਾਂ ਦੀ ਤਰਫ ਸੀ
ਮੈਂ ਚਾਹੁੰਦੀ ਸੀ ਕਿ ਤੂੰ ਸਜਾਵੇਂ ਖਾਬ ਮੇਰੇ ਸੰਗ
ਪਰ ਤੂੰ ਤਾਂ ਹਕੀਕਤਾਂ ਬਦਲਣ ਚ ਵਿਅਸਤ ਸੀ
ਤੇ ਮੈਂ ਸਦਾ ਤੇਰੇ ਤੇ ਗਿਲਾ ਕਰਦੀ ਰਹੀ
ਕਿ ਤੂੰ ਮੇਰੇ ਚਾਵਾਂ ਲਈ ਕੁਝ ਨਹੀਂ ਕੀਤਾ

ਪਰ ਅੱਜ ਜਦੋਂ ਘੁੰਮਦੀ ਘੁਮਾਉਂਦੀ ਤੇਰੇ ਸ਼ਹਿਰ ਆਈ
ਹੈਰਾਨੀਆਂ ਦੀ ਮੇਰੇ ਲਈ ਕੋਈ ਹੱਦ ਨਾ ਰਹੀ
ਤੇਰੇ ਖੇਤਾਂ ਵਿੱਚ ਕਣਕ ਬਣ ਕੇ ਪਿਆਰ ਉੱਗਆ ਸੀ
ਚੋਗੀਆਂ ਨੇ ਕਪਾਹਾਂ ਚੋਂ ਸਾਡਾ ਪਿਆਰ ਚੁਗਿਆ ਸੀ
ਖਾਲਾਂ ਚੋਂ ਮੋਹ ਦੇ ਸੰਗੀਤ ਦੀ ਧੁਨਕਾਰ ਆਈ ਸੀ
ਤਿਰਕਾਲਾਂ ਲੰਘ ਨਵੀਂ ਇੱਕ ਸਵੇਰ ਛਾਈ ਸੀ
ਹਰ ਥਾਂ ਤੂੰ ਮੁਹੱਬਤ ਨਾਂ ਦਾ ਬੂਟਾ ਲਾਇਆ ਸੀ
ਮੇਰੇ ਖਾਬਾਂ ਦੀ ਦੁਨੀਆ ਨੂੰ ਤੂੰ ਹਕੀਕਤ ਬਣਾਇਆ ਸੀ

ਪਰ ਮਾਫ ਕਰੀਂ ਮੈਂ ਪਾਗਲ ਕਦੇ ਸਮਝ ਨਾ ਸਕੀ
ਕਿ ਜੋ ਵੀ ਤੂੰ ਕੀਤਾ ਸਦਾ ਮੁਹੱਬਤ ਲਈ ਕੀਤਾ

ਵਾਲਾਂ ਵੱਟੇ ਖਿੱਲਾਂ

ਵਰਿਆਂ ਪਹਿਲਾਂ ਉਹ ਆਉਂਦਾ ਸੀ ਸਾਡੀ ਗਲੀ
ਥਾਂ ਥਾਂ ਤੋਂ ਲਿਬੜੇ ਕੱਪੜੇ ਸਿਰ ਮੈਲੀ ਜਹੀ ਪੱਗ
ਪਰ ਕੱਪੜਿਆਂ ਉੱਤੇ ਦਾਗਾਂ ਵਰਗਾ ਕੁਝ ਨਹੀਂ ਸੀ ਹੁੰਦਾ
ਦਸੀਂ ਪੰਦਰੀ ਦਿਨੀ ਉਹ ਜਦ ਵੀ ਆਉਂਦਾ ਸੀ
ਟੁੱਟੇ ਜਹੇ ਸੈਂਕਲ ਤੇ ਪੰਜ ਸੱਤ ਝੋਲੇ ਟੰਗੇ ਹੁੰਦੇ
ਤੇ ਅਸੀਂ ਸਦਾ ਸੀ ਉਸਨੂੰ ਉਡੀਕਦੇ ਰਹਿੰਦੇ
ਉਹਦੇ ਆਉਣ ਤੱਕ ਵਾਲਾਂ ਦੇ ਗੁੱਛੇ ਕੱਠੇ ਕਰਦੇ
ਖੁਦ ਆਪਣੇ ਵਾਲਾਂ ਨੂੰ ਉਲਝਾ ਉਲਝਾ ਕੇ ਵਾਹੁੰਦੇ
ਕਿ ਹੋਰ ਤੇ ਹੋਰ ਵਾਲ ਝੜਨ
ਸਾਨੂੰ ਹੋਰ ਹੋਰ ਖਿੱਲਾਂ ਮਿਲਣ
ਉਹ ਵਾਲਾਂ ਵੱਟੇ ਖਿੱਲਾਂ ਦਿੰਦਾ ਤੇ ਚਲਾ ਜਾਂਦਾ
ਤੇ ਅਸੀ ਫਿਰ ਉਸਨੂੰ ਉਡੀਕਦੇ ਰਹਿੰਦੇ
ਮੁੜ ਵਾਲਾਂ ਵੱਟੇ ਖਿੱਲਾਂ ਲੈਣ ਲਈ

ਅੱਜ ਵੀ ਕੋਈ ਆਉਂਦਾ ਹੈ ਸਾਡੀ ਗਲੀ
ਚਿੱਟੇ ਚਿੱਟੇ ਕੱਪੜੇ ਸਿਰ ਲਿਸ਼ਕਦੀ ਗਾਂਧੀ ਟੋਪੀ
ਪਰ ਕੱਪੜਿਆਂ ਤੇ ਬੇਦਾਗੀ ਵਰਗਾ ਕੁਝ ਵੀ ਨਹੀ ਹੁੰਦਾ
ਦਸੀਂ ਪੰਦਰੀ ਦਿਨੀ ਨੀ ਪੰਜੀਂ ਸਾਲੀਂ ਆਉਂਦਾ ਏ
ਹੁਣ ਟੁੱਟੇ ਸੈਂਕਲ ਦੀ ਥਾਂ ਮਰਸਡੀਜ਼ ਗੱਡੀ ਹੁੰਦੀ ਏ
ਤੇ ਉਹ ਸਾਡੇ ਕਾਗਜ਼ ਦੇ ਵਾਲਾਂ ਵੱਟੇ
ਸਾਡੀਆਂ ਹੀ ਛਿੱਲਾਂ ਲਾਹਉਂਦਾ ਏ
ਹੁਣ ਖੁਦ ਵਾਲਾਂ ਨੂੰ ਉਲਝਾਉਣ ਦੀ ਲੋੜ ਨਹੀਂ ਪੈਂਦੀ
ਸਿਰ ਤੇ ਪੈਂਦੀਆਂ ਜੁੱਤੀਆਂ ਨਾਲ
ਇਹ ਆਪੂੰ ਹੀ ਝੜ ਜਾਂਦੇ ਨੇ
ਉਹ ਵਾਲਾਂ ਵੱਟੇ ਛਿੱਲਾਂ ਲਾਹਉਂਦਾ ਤੇ ਚਲਾ ਜਾਂਦਾ
ਤੇ ਅਸੀਂ ਫਿਰ ਹਾਂ ਉਡੀਕਦੇ ਉਸਨੂੰ
ਮੁੜ ਵਾਲਾਂ ਵੱਟੇ ਛਿੱਲਾਂ ਲਹਾਉਣ ਲਈ

Monday, December 28, 2009

my first poem

ਤਕਦੀਰ ਦੇ ਹੱਥੋਂ ਬੇਵੱਸ ਹੋ ਕੇ ,ਐਸਾ ਗੁਨਾਹ ਮੈਂ ਕਰ ਬੈਠੀ
ਮੌਤ ਦੇ ਮੂੰਹ ਚੋਂ ਬਚ ਕੇ ਵੀ ,ਆਪਣਿਆਂ ਲਈ ਮਰ ਬੈਠੀ
ਪਰ ਏਸ ਗੁਨਾਹ ਦੇ ਪਿੱਛੇ ਕੀ ਮੇਰੀ ਮਜਬੂਰੀ ਸੀ
ਨਾ ਤੂੰ ਪੁੱਛਿਆ ਨਾ ਦੱਸ ਸਕੀ , ਕੀ ਕੀ ਸੀ ਮੈਂ ਜਰ ਬੈਠੀ
ਮੌਤ ਦੇ ਮੂੰਹ ਚੋਂ ਬਚ ਕੇ ਵੀ ,ਆਪਣਿਆਂ ਲਈ ਮਰ ਬੈਠੀ
ਕੀ ਦੱਸਾਂ ਏਸ ਗੁਨਾਹ ਤੋਂ ਪਹਿਲਾਂ ਕੀ ਸੀ ਬੀਤੀ ਨਾਲ ਮੇਰੇ
ਦੁੱਖ ਤਾਂ ਯਾਰਾ ਸਾਂਝਾ ਕਰਨਾ ਚਾਹੁੰਦੀ ਸੀ ਮੈਂ ਨਾਲ ਤੇਰੇ
ਲੋਕਾਂ ਦਿਆਂ ਤਾਅਨਿਆਂ ਮੇਹਣਿਆਂ ਗੁੰਮ ਕੀਤਾ ਸੀ ਹੋਸ਼ ਮੇਰਾ
ਅੱਜ ਤੱਕ ਨਹੀਂ ਸਮਝ ਸਕੀ ਮੈਂ ਕੀ ਸੀ ਉਦੋਂ ਦੋਸ਼ ਮੇਰਾ
ਮੈਂ ਤਾਂ ਸੱਜਣਾ ਕਦੇ ਕਿਸੇ ਨੂੰ ਆਖੀ ਨਹੀਂ ਸੀ ਮੰਦੀ ਚੰਗੀ
ਫਿਰ ਵੀ ਪਤਾ ਨਹੀਂ ਕਿਉਂ ਸਾਰੇ ਕਹਿਂਦੇ ਰਹੇ ਮੈਨੂੰ ਭਿੱਟ ਅੰਗੀ
ਮੇਰੀ ਜ਼ਿੰਦਗੀ ਦੇ ਵਿੱਚ ਸੋਗ ਪਿਆ, ਮੈਨੂੰ ਸਭ ਨੇ ਚੰਦਰਾ ਰੋਗ ਕਿਹਾ
ਅਸ਼ੂਤ ਸੀ ਜਦ ਕਿਹਾ ਸਭ ਨੇ ਮੇਰਾ ਸੀ ਨਾ ਉਦੋਂ ਸੀ ਚੀਰ ਹੋਇਆ
ਪਰ ਨਾ ਪਿਆ ਕਿਸੇ ਦੀ ਨਜ਼ਰੀਂ ਮੇਰੇ ਨੈਣਾਂ ਚੋਂ ਜੋ ਨੀਰ ਚੋਇਆ
ਕਿੱਦਾਂ ਮੈਂ ਉਨਾਂ ਤੋਂ ਵੱਖ ਸੀ , ਦੱਸ ਮੈਂ ਕਿਹੜੀ ਗੱਲੋਂ ਘੱਟ ਸੀ
ਮੈਂ ਵੀ ਸੀ ਵਰਗੀ ਕਿਉਂ ਮੈਨੂੰ ਜੀਣ ਦਾ ਹੱਕ ਨਹੀਂ ਸੀ
ਹਾਂ ਪਰ ਉਨਾਂ ਦੇ ਵਿੱਚ ਬੈਠਣ ਦਾ ਮੈਨੂੰ ਕੋਈ ਹੱਕ ਨਹੀਂ ਸੀ
ਉਹ ਸੀ ਉੱਚੀ ਜਾਤ ਦੀਆਂ ,ਮੈਂ ਸੀ ਕੁੜੀ ਚਮਾਰਾਂ ਦੀ
ਉਨਾਂ ਲਈ ਸੇਜ਼ ਸੀ ਫੁੱਲਾਂ ਦੀ ਮੈਨੂੰ ਸੇਜ਼ ਮਿਲੀ ਸੀ ਖਾਰਾਂ ਦੀ
ਇਹ ਹੀ ਸੀ ਵਜਾਹ ਕੇ ਮੈਂ ਐਸਾ ਫੈਸਲਾ ਕਰ ਬੈਠੀ
ਮੌਤ ਦੇ ਮੂੰਹ ਚੋਂ ਬਚ ਕੇ ਵੀ ,ਆਪਣਿਆਂ ਲਈ ਮਰ ਬੈਠੀ
ਚੰਗਾ ਹੋਇਆ ਤੂੰ ਵੀ ਸੱਜਣਾ ਛੱਡ ਦਿੱਤਾ ਏ ਸਾਥ ਮੇਰਾ
ਐਵੇਂ ਮੇਰੇ ਨਾਂ ਨਾਲ ਲੱਗ ਬਦਨਾਮ ਹੋ ਗਿਆ ਨਾਮ ਤੇਰਾ
ਨਿਚੋੜ ਕੇ ਰੱਤ ਜਿਗਰ ਦਾ ਅੱਜ ਲਿਖਿਆ ਏ ਖਤ ਨਾਮ ਤੇਰੇ
ਅੱਜ ਕੀਤਾ ਹੈ ਦਿਲ ਕਰੜਾ ਸੁਣਨੇ ਨੇ ਸਭ ਇਲਜ਼ਾਮ ਤੇਰੇ
ਜਾਣਦੀ ਹਾਂ ਕਿ ਗੁਨਾਹ ਮੇਰਾ ਮਾਫੀ ਦੇ ਤਾਂ ਕਾਬਿਲ ਨਹੀਂ
ਤੇਰੀ ਜ਼ਿੰਦਗੀ ਦੇ ਵਿੱਚ ਭਾਵੇਂ ਨਾਂ ਮੇਰਾ ਹੁਣ ਸ਼ਾਮਿਲ ਨਹੀਂ
ਫਿਰ ਵੀ ਜੇਕਰ ਹੋ ਸਕਿਆ ਤਾਂ ਮਾਫ ਕਰ ਦਈਂ ਸੱਜਣਾ ਵੇ
ਜੱਗ ਦਾ ਲਾਇਆ ਦਾਗ ਇਹ ਚੰਦਰਾ ਸਾਫ ਕਰ ਦਈਂ ਸੱਜਣਾ ਵੇ
ਦਿਲ ਦੇ ਅੱਲੇ ਜ਼ਖਮਾਂ ਤੇ ਹੁਣ ਮੱਲਮ ਦੀ ਉਮੀਦ ਨਹੀਂ
ਹੰਝੂਆਂ ਦੇ ਵਹਿੰਦੇ ਸਾਗਰ ਦੇ ਠੱਲਣ ਦੀ ਉਮੀਦ ਨਹੀਂ
ਜਾਣਦੀ ਹਾਂ ਕਿ ਦੋਸਤ ਹੁਣ ਤੂੰ ਨਹੀਂ ਰਿਹਾ ਹਮਦਰਦ ਮੇਰਾ
ਫਿਰ ਵੀ ਤੇਰੇ ਅੱਗੇ ਦਿਲ ਫੋਲਣ ਦੀ ਹਿਮਾਕਤ ਕਰ ਬੈਠੀ
ਮੌਤ ਦੇ ਮੂੰਹ ਚੋਂ ਬਚ ਕੇ ਵੀ ,ਆਪਣਿਆਂ ਲਈ ਮਰ ਬੈਠੀ

Thursday, December 24, 2009

sirjna

ਨਵ ਜੀਵਨ ਦੀ ਸ਼ੁਰੂਆਤ ਇੰਜ ਹੀ ਤਾਂ ਹੁੰਦੀ ਹੈ
ਇੱਕ ਔਰਤ ਬੰਨੀ ਜਾਂਦੀ ਹੈ ਇੱਕ ਮਰਦ ਨਾਲ
ਪਹਿਲੇ ਸਹਿਵਾਸ ਦੀ ਪੀੜਾ ਸਹਿੰਦੀ
ਆਤਮਾ ਤੇ ਜਿਸਮ ਪੱਖੋਂ ਕੁਚਲੀ ਜਾਂਦੀ
ਫਿਰ ਗਰਭ ਦੀ ਪੀੜਾ ਸਹਿੰਦੀ
,ਚੱਕਰ ਖਾਂਦੀ , ਉਲਟੀਆਂ ਕਰਦੀ
ਪ੍ਸਵ ਦੀਆਂ ਅਸਿਹ ਪੀੜਾਂ ਸਹਿੰਦੀ
ਦਿੰਦੀ ਹੈ ਜਨਮ ਇੱਕ ਨਵੇਂ ਜੀਵ ਨੂੰ

ਨਵੇਂ ਸਮਾਜ ਦੀ ਸਿਰਜਨਾ ਵੀ ਤਾਂ ਇਸੇ ਤਰਾਂ ਹੁੰਦੀ ਹੈ
ਇੱਕ ਮਜ਼ਲੂਮ ਬੰਨਿਆ ਜਾਂਦਾ ਹਾਕਮਾਂ ਦੇ ਨਾਲ
ਰੋਜ਼ ਕੁਚਲਿਆ ਜਾਂਦਾ ਆਤਮਾ ਤੇ ਜਿਸਮ ਪੱਖੋਂ
ਰੋਜ਼ ਹੰਢਾਉਂਦਾ ਅਕਿਹ ,ਅਸਿਹ ਪੀੜਾ
ਮਹਿਨਤ ਤੇ ਸੰਘਰਸ਼ ਨਾਲ ਸਹਿਵਾਸ ਕਰਦਿਆਂ
ਮਨ ਗਰਭ ਧਾਰਨ ਕਰਦਾ ਹੈ ਇੱਕ ਨਵੇਂ ਸੁਪਨੇ ਦਾ
ਪਨਪਦਾ ਹੈ ਮਨ ਵਿੱਚ ਇੱਕ ਨਵੇਂ ਸਮਾਜ ਦਾ ਸੁਪਨਾ
ਫਿਰ ਸੁਪਨੇ ਨੂੰ ਰੂਪ ਦੇਣ ਲਈ ਸਹਿੰਦਾ ਹੈ ਉਹ ਪੀੜਾਂ
ਹਾਕਮਾਂ ਖਿਲਾਫ ਯੋਜਨਾ ਰਚਦਿਆਂ ਬਥੇਰੀ ਵਾਰ ਖਾਂਦਾ ਹੈ ਚੱਕਰ
ਲੰਬੇ ਸੰਘਰਸ਼ ਦਾ ਅਟੁੱਟ ਸਿਲਸਿਲਾ ਬਣਦਾ ਹੈ ਪ੍ਸਵ ਪੀੜਾ
ਕਿੰਨੀਆਂ ਕੁਰਬਾਨੀਆਂ,ਕਿੰਨੀਆਂ ਤਕਲੀਫਾਂ ਸਭ ਕੁਝ ਸਹਿੰਦਾ
ਇੱਕ ਮਜ਼ਲੂਮ ਹੀ ਜਨਮ ਦਿੰਦਾ ਹੈ ਨਵੇਂ ਸਮਾਜ ਨੂੰ

Friday, December 11, 2009

......................

ਮੈਂ ਕਦ ਕਿਹਾ ਸੀ ਕਿ ਰੁਕ ਮੇਰੇ ਲਈ
ਮੈਂ ਸਿਰਫ ਕਿਹਾ ਤੈਨੂੰ ਛੂਹਣ ਦੀ ਕੋਸ਼ਿਸ਼ ਕਰਾਂਗੀ ਮੈਂ
ਮੈਂ ਕਦ ਕਿਹਾ ਤੂੰ ਮੁੜ ਕੇ ਆਵੀਂ
ਮੈਂ ਤਾਂ ਬੱਸ ਕਿਹਾ ਇੰਤਜ਼ਾਰ ਰਹੇਗਾ ਤੇਰਾ
ਮੈਂ ਕਦ ਕਿਹਾ ਦਿਲ ਤੋੜ ਕੇ ਨਾ ਜਾ
ਮੈਂ ਤਾਂ ਬੱਸ ਕਿਹਾ ਇਹ ਸਰਮਾਇਆ ਹੈ ਤੇਰਾ
ਮੈਂ ਕਦ ਕਿਹਾ ਮੈਨੂੰ ਨਫਰਤ ਨਾ ਕਰ
ਮੈਂ ਤਾਂ ਸਿਰਫ ਕਿਹਾ ਤੂੰ ਪਿਆਰ ਹੈਂ ਮੇਰਾ

ਸੁਪਨ -ਸਰਪਣੀ

ਆਖਿਰ ਅੱਜ ਬੜੇ ਦਿਨਾਂ ਬਾਅਦ
ਤੂੰ ਆ ਹੀ ਗਿਆ
ਆਪਣੀ ਸੁਪਨ -ਸਰਪਣੀ ਕੋਲ
ਬਾਹਾਂ ਉਲਾਰ ਭਰ ਲਿਆ ਪਿਆਰ ਦੇ ਕਲਾਵੇ ਵਿੱਚ
ਤੇ ਉਹ ਕਰਦੀ ਰਹੀ ਤੇਰੇ ਚ ਸਮਾਉਣ ਦੀ ਨਾਕਾਮ ਕੋਸ਼ਿਸ਼
ਕੰਬਦੇ ਹੋਠਾਂ ਨੇ ਪਿਆਰ ਦੀ ਨਿਸ਼ਾਨੀ ਜੋ ਦਿੱਤੀ
ਖਿੜ ਗਈ ਕਲੀ ਮੁਰਝਾਈ ਸੀ ਇੰਤਜ਼ਾਰ ਵਿੱਚ
ਜ਼ੁਲਫ ਨਾਗਾਂ ਵਿੱਚ ਉਲਝਾਉਣ ਦੀ ਕੋਸ਼ਿਸ਼ ਕਰਦੀ
ਹੰਝੂ ਭਿੱਜੇ ਨੈਣਾਂ ਵਿੱਚ ਲੁਕਾਉਣ ਦੀ ਕੋਸ਼ਿਸ਼ ਕਰਦੀ
ਲਿਪਟੀ ਉਹ ਛਾਤੀ ਨਾਲ ਕਿਸੇ ਵੇਲ ਵਾਂਗਰਾਂ
ਤੇਰੇ ਮੁੜ ਨਾਲ ਜਿੱਤ ਦੀ ਖੁਸ਼ੀ
ਕਰੰਗ ਜਿਸਮ ਉਸਦਾ ਮੁੜ ਭਰ ਗਈ
ਤੇ ਭਰ ਮੁੜ ਤੋਂ ਠੰਡੇ ਸਾਹਾਂ ਵਿੱਚ ਨਿੱਘ
ਪਿਆਰ ਨੂੰ ਅਜੇ ਸੀ ਸਾਂਭਦੀ ਹੀ ਪਈ
ਤੂੰ ਗੱਲ ਕਰ ਦਿੱਤੀ ਫਿਰ ਮੁੜ ਜਾਣ ਦੀ
ਤੜਪੀ ਉਹ ਕਿਸੇ ਅਣਮੰਨੀ ਦਲੀਲ ਵਾਂਗਰਾਂ
ਪਰ ਵਕਤ ਵੱਲ ਇਸ਼ਾਰਾ ਕਰਦਾ ਤੂੰ ਹੱਥ ਛੁਡਾ ਗਿਆ
ਤੇ ਸੁੱਟ ਗਿਆ ਤਪਦੀ ਰੇਤ 'ਤੇ ਆਪਣੀ ਸੁਪਨ-ਸਰਪਣੀ ਨੂੰ

Wednesday, December 9, 2009

ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾਂ

ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾਂ .....-ਲੋਕ ਗੀਤ
ਗੀਤ ਤਾਂ ਇਹ ਕਦ ਤੋਂ ਹੀ ਸੁਣਦੀ ਆਈ ਹਾਂ
ਪਰ ਗੀਤ ਵਾਲਾ ਉਹ ਸੁਰਜਣ ਅੱਜ ਵੀ ਲੱਭਦੀ ਹਾਂ
ਰੇਸ਼ਮ ਦਾ ਜਾਮਾ, ਤਿੱਲੇ ਦੀ ਜੁੱਤੀ ਪਹਿਨੀ
ਗੀਤ ਵਾਲਾ ਉਹ ਸੁਰਜਣ ਅੱਜ ਵੀ ਲੱਭਦੀ ਹਾਂ
ਪਰ ਜੋ ਲੱਭੇ ਸੁਰਜਣ , ਉਹ ਇੱਦਾਂ ਦੇ ਤਾਂ ਨਹੀਂ
ਰੇਸ਼ਮ ਦੇ ਜਾਮੇ ਦੀ ਥਾਂ
ਕੂਹਣੀਆਂ ਕੋਲੋਂ ਘਸ ਚੁੱਕੀਆਂ ਕਮੀਜ਼ਾਂ ਹਨ
ਤਿੱਲੇ ਵਾਲੀ ਜੁੱਤੀ ਦੀ ਥਾਂ
ਟੁੱਟੀ ਹੋਈ ਬੱਦਰ ਵਾਲੀਆਂ ਚੱਪਲਾਂ ਹਨ
ਚਾਲ ਦੇ ਵਿੱਚ ਮੜਕ ਕੀ ਹੈ ਪਤਾ ਨਹੀਂ
ਉਹ ਤਾਂ ਕਰਜ਼ੇ ਵਿੱਚ ਧਸੀਆਂ ਲੱਤਾਂ
ਮਸਾਂ ਘਸੀਟਦੇ ਨੇ
ਰਾਜਿਆਂ ਵਾਲੇ ਖਾਣੇ ਦਾ ਤਾਂ ਪਤਾ ਨਹੀਂ
ਪਰ ਧਸੀਆਂ ਛਾਤੀਆਂ 'ਕਰੰਗ ਜਿਸਮ
ਕੁਝ ਹੋਰ ਕਹਾਣੀ ਦੱਸਦੇ ਨੇ
ਸਰਦਾਰਾਂ ਦੀ ਧੀ ਵਿਆਉਣ ਬਾਰੇ ਕਦ ਸੋਚਣ
ਅਜੇ ਤਾਂ ਬੂਹਾ ਮੱਲੀ ਬੈਠੀ ਭੈਣ ਦਾ ਫਿਕਰ ਹੈ
ਨਵਾਬਾਂ ਦੇ ਘਰ ਤਾਂ ਇਹ ਵੀ ਜਾਂਦੇ ਨੇ
ਪਰ ਬੈਠਣ ਨਹੀਂ , ਰੁਜ਼ਗਾਰ ਲਈ ਅੱਡੀਆਂ ਰਗੜਨ
ਪਰ ਥੱਕ ਹਾਰ ਕੇ ਜਦ ਵੀ ਘਰ ਨੂੰ ਪਰਤਦੇ ਨੇ
ਤਾਂ ਬੁੱਢੀ ਅੰਮੜੀ ਲਾਜ਼ਮੀ ਉਦੋਂ ਕਹਿੰਦੀ ਹੈ
"ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾਂ......"

sdaran kudi

ਕਿੰਝ ਛੋਹਾਂ ਕੋਈ ਵਸਲ ਹੰਡਾਉਂਦੀ ਨਜ਼ਮ
ਅਜੇ ਖੁਦ ਦਾ ਵਿਛੋੜਾ ਮੈਂ ਖੁਦ ਤੇ ਹੰਡਾ ਰਹੀ
ਕਿੰਝ ਕਰਾਂ ਮਹਿਕ ਦੇ ਸਰੂਰ ਦੀ ਚਰਚਾ
ਅਜੇ ਹੱਥਾਂ ਦੇ ਵਿੱਚ ਗੋਹੇ ਦੀ ਹਮਕ ਬਾਕੀ ਹੈ
ਮੈਂ ਕੀ ਜਾਣਾ ਹੁੰਦੀ ਕਿਸ ਤਰਾਂ ਦੀ ਪੀ੍ਤ ਛੋਹ
ਅਜੇ ਤਾਂ ਪਈਆਂ ਛਮਕਾਂ ਦੇ ਨਿਸ਼ਾਨ ਤਾਜ਼ਾ ਨੇ
ਅੱਖੀਆਂ ਅੰਦਰ ਕਿੰਝ ਵਸਾਵਾਂ ਸੁਪਨਿਆਂ ਦਾ ਅੰਬਰ
ਅਜੇ ਧੂਏਂ ਦੇ ਬੱਦਲਾਂ ਦੀ ਨੈਣੀਂ ਰੜਕ ਬਾਕੀ ਏ
ਫੁੱਲਾਂ ਦੀ ਸੇਜ਼ੇ ਤੁਰਨਾ ਕਿੰਝ ਹੁੰਦਾ ਏ ਕੀ ਜਾਣਾਂ
ਮੈਂ ਤਾਂ ਕੇਵਲ ਅੱਡੀਆਂ ਦੀਆਂ ਦਰਾਰਾਂ ਤੱਕੀਆਂ ਨੇ
ਮੈਂ ਕੀ ਜਾਣਾ ਕਿੰਝ ਬਦਲੇ ਸਮਾਜ ਦਾ ਨਕਸ਼ਾ
ਮੈਂ ਤਾਂ ਬੱਸ ਆਟੇ ਦੇ ਨਕਸ਼ੇ ਸੇਕਣਾ ਜਾਣਦੀ ਹਾਂ
ਤਲਵਾਰਾਂ ਦੇ ਨਾਲ ਸੀਨੇ ਚੀਰਨੇ ਨਹੀਂ ਜਾਣਦੀ ਮੈਂ
ਮੈਂ ਸੂਈਆਂ ਨਾਲ ਲੀੜੇ ਦੀ ਹਿੱਕ ਛੇਕਣਾ ਜਾਣਦੀ ਹਾਂ
ਮੈਂ ਨਹੀਂ ਜਾਣਦੀ ਕੀ ਹੁੰਦੇ ਦੇਸ਼ ਕੌਮ
ਮੈ ਸਿਰਫ ਘਰ ਵਿੱਚ ਏਕਾ ਰੱਖਣਾ ਜਾਣਦੀ ਹਾਂ
ਕਿਉਂਕਿ ਮੈਂ ਕੋਈ ਪਰੀ ਨਹੀਂ , ਨਾ ਹੀ ਕੋਈ ਚੰਡੀ ਹਾਂ
ਮੈਂ ਸਿਰਫ ਤੇ ਸਿਰਫ ਇੱਕ ਸਧਾਰਣ ਕੁੜੀ ਹਾਂ

Wednesday, November 25, 2009

kaash

ਉਹ ਕਹਿੰਦੇ ਨੇ ਕਿ ਕੁੜੀਆਂ ਹੁੰਦੀਆਂ ਚਿੜੀਆਂ ਨੇ
ਪਰ ਕਾਸ਼..ਕਾਸ਼ ਮੈਂ ਚਿੜੀ ਹੀ ਹੁੰਦੀ
ਜੇਕਰ ਹੁੰਦੀ ਕਲੀ
ਕਦੇ ਤਾਂ ਖਿੜੀ ਹੀ ਹੁੰਦੀ
ਪਰ ਮੈਂ ਤਾਂ ਹਾਂ ਕੁੜੀ , ਚਿੜੀ ਤਾਂ ਬਣ ਨਹੀਂ ਸਕਦੀ
ਪਰ ਮੈਂ ਤਾਂ ਹਾਂ ਕੁੜੀ ਕਲੀ ਬਣ ਖਿੜ ਨਹੀਂ ਸਕਦੀ
ਕਲੀਆਂ ਵਾਂਗੂ ਖਾਬ ਸਜਾ ਤਾਂ ਸਕਦੀ ਹਾਂ
ਪਰ ਉਨਾਂ ਖਾਬਾਂ ਨੂੰ ਮੈਂ ਜੀ ਸਕਦੀ ਨਹੀਂ
ਚਿੜੀਆਂ ਵਾਂਗੂ ਉੱਡਣਾ ਲੋਚ ਤਾਂ ਸਕਦੀ ਹਾਂ
ਪਰ ਕੁਤਰੇ ਖੰਭਾਂ ਨੂੰ ਮੈਂ ਸੀ ਸਕਦੀ ਨਹੀਂ
ਚਿੜੀਆਂ ਜਦ ਵੀ ਚਾਹੁਣ ਉਦੋਂ ਉੱਡ ਜਾਂਦੀਆਂ ਨੇ
ਜੇਹੜੀ ਡਾਲੀ ਚਾਹੁਣ ਆਲਣਾ ਪਾਉਂਦੀਆਂ ਨੇ
ਪਰ ਮੇਰੇ ਤਾਂ ਖੰਭ ਫਰਜ਼ ਦੀ ਭੇਂਟ ਚੜੇ
ਪੱਗ ਅਤੇ ਦੁੱਧ ਦੇ ਕਰਜ਼ ਦੀ ਭੇਂਟ ਚੜੇ
ਉਡ ਜਾਂਦੀ ਸੱਜਣ ਪਾਸ ਕਿਤੇ ਜੇ ਚਿੜੀ ਮੈਂ ਹੁੰਦੀ
ਮੈਂ ਰਹੀ ਹਾਂ ਅਰਜ਼ ਗੁਜ਼ਾਰ ...
ਕਾਸ਼ ਮੈਂ ਚਿੜੀ ਹੀ ਹੁੰਦੀ
ਕਰੇ ਭੌਰਾ ਕਲੀ ਨੂੰ ਪਿਆਰ ਕਿਸੇ ਦੀ ਰੋਕ ਨਹੀਂ
ਕਰ ਅਰਪਣ ਆਪਣਾ ਰਸ ਕਲੀ ਨੂੰ ਸ਼ੋਕ ਨਹੀਂ
ਹੈ ਕੀ ਭੌਰੇ ਦਿ ਜ਼ਾਤ ਕਦੇ ਕੋਈ ਪੁੱਛਦਾ ਨਹੀਂ
ਹੈ ਕਲੀ ਦੀ ਕੀ ਔਕਾਤ ਕਦੇ ਕੋਈ ਪੁੱਛਦਾ ਨਹੀਂ
ਪਰ ਮੇਰੇ ਤੇ ਬੰਦਿਸ਼ਾਂ ਲੱਖ ਹਜ਼ਾਰਾਂ ਨੇ
ਮੇਰਾ ਜ਼ਖਮੀ ਕੀਤਾ ਪਿਆਰ ਜਗਤ ਦਿਆਂ ਖਾਰਾਂ ਨੇ
ਮੌਤ ਤੋਂ ਪਹਿਲਾਂ ਇੱਕ ਵਾਰ ਉਸਨੂੰ ਮਿਲੀ ਹੀ ਹੁੰਦੀ
ਜੇਕਰ ਹੁੰਦੀ ਕਲੀ ਕਦੇ ਤਾਂ ਖਿੜੀ ਹੀ ਹੁੰਦੀ
ਕਾਸ਼ ....... ਕਾਸ਼......ਮੈਂ ਕਲੀ ਹੀ ਹੁੰਦੀ

Thursday, November 19, 2009

azaadi divas

੬੦ ਵਰੇ ਬੀਤੇ , ਹਰ ਵਰੇ ਇਸ ਦਿਨ
ਝੂਲਦਾ ਹੈ ਝੰਡਾ ਲਾਲ ਕਿਲੇ ਤੇ
ਜਸ਼ਨ ਮਨਾਉਂਦੇ ਹਾਂ ਅਸੀਂ ਅਜ਼ਾਦੀ ਦਿਵਸ ਦਾ
ਸਾਲ ਬਾਦ ਇਸ ਦਿਨ ਆਉਂਦਾ ਹੈ ਯਾਦ
ਕਿ ਸਾਨੂੰ ਮਿਲੀ ਹੈ ਅਜ਼ਾਦੀ
ਹਾਂ ਹਾਂ ਮਿਲੀ ਹੈ ਅਜ਼ਾਦੀ

ਬਖਤਾਵਰਾਂ ਨੂੰ ਮਿਲੀ ਜ਼ੁਲਮ ਢਾਹੁਣ ਦੀ ਅਜ਼ਾਦੀ,
ਸਮਾਜਵਾਦ ਦੀ ਖਿੱਲੀ ਉਡਾਉਣ ਦੀ ਅਜ਼ਾਦੀ,
ਬੇਰੁਜ਼ਗਾਰ ਨੂੰ ਭਟਕਦੇ ਮਰਨ ਦੀ ਅਜ਼ਾਦੀ,
ਨਵ-ਵਿਆਹੁਤਾ ਨੂੰ ਦਾਜ ਦੀ ਬਲੀ ਚੜਨ ਦੀ ਅਜ਼ਾਦੀ,
ਹਾਕਮਾਂ ਨੂੰ ਪਰਜਾ ਦਾ ਖੂਨ ਚੂਸਣ ਦੀ ਅਜ਼ਾਦੀ,
ਮਜ਼ਲੂਮਾਂ ਨੂੰ ਸਭ ਕੁਝ ਸਹਿਣ ਦੀ ਅਜ਼ਾਦੀ,
ਧਰਮ ਦੀ ਤਲਵਾਰ ਨੂੰ ਕਤਲ ਕਰਨ ਦੀ ਅਜ਼ਾਦੀ,
ਗਰੀਬਾਂ ਨੂੰ ਧਰਮ ਦੇ ਨਾਂ ਤੇ ਮਰਨ ਦੀ ਅਜ਼ਾਦੀ,
ਹਾਂ ਸਾਨੂੰ ਮਿਲੀ ਹੈ ਅਜ਼ਾਦੀ ,
ਹਾਂ ਹਾਂ ਮਿਲੀ ਹੈ ਅਜ਼ਾਦੀ,

ਕਿਸੇ ਓਪਰੀ ਕਸਰ ਦੇ ਵਹਿਮ ਜਹੀ ਅਜ਼ਾਦੀ,
ਕਤਲਕਾਂਡ ਤੋਂ ਬਾਦ ਫੈਲੇ ਸਹਿਮ ਜਹੀ ਅਜ਼ਾਦੀ,
ਕਿਸੇ ਅਮੀਰ ਦੇ ਦਰ ਤੇ ਬੰਨੇ ਕੁੱਤੇ ਜਹੀ ਅਜ਼ਾਦੀ,
ਜਾਂ ਚੋਣ ਰੈਲੀ ਦੇ ਕਿਸੇ ਲਾਰੇ ਜਹੀ ਅਜ਼ਾਦੀ,
ਲੇਲੇ ਨੂੰ ਭੇੜੀਏ ਤੋਂ ਮਿਲੀ ਮੌਤ ਜਹੀ ਅਜ਼ਾਦੀ ,
ਲੋਕਾਂ ਦੇ ਬੱਚੇ ਮਾਰਦੀ ਔਤ ਜਹੀ ਅਜ਼ਾਦੀ,
ਹਾਂ ਸਾਨੂੰ ਮਿਲੀ ਹੈ ਇਹੀ ਹੈ ਅਜ਼ਾਦੀ,

ਤੇ ਅੱਜ ਇੱਕੀ ਤੋਪਾਂ ਦੀ ਸਲਾਮੀ ਇਸ ਅਜ਼ਾਦੀ ਦੇ ਨਾਮ,
ਅੱਜ ਪੀਵਾਂਗੇ ਆਪਣੇ ਲਹੂ ਦਾ ਪਿਆਲਾ ,
ਇਸ ਅਜ਼ਾਦੀ ਦੀ ਸ਼ਾਮ ਦੇ ਨਾਮ

saada mel

ਤੇਰੀ ਅੱਖ ਚ ਰੜਕਦੇ ਸੁਪਨੇ ਦੀ ਸਹੁੰ
ਮੈਂ ਆ ਸਕਦੀ ਹਾਂ ਤੇਰੇ ਕੋਲ
ਭਰ ਸਕਦੀ ਹਾਂ ਤੇਰੇ ਦਿਲ ਦੀ ਵੀਰਾਨੀ
ਮੇਰੇ ਖੁਸ਼ਕ ਹੋਂਠ ਚੂਸ ਸਕਦੇ ਨੇ ਤੇਰੇ ਲਬਾਂ ਦੀ ਉਦਾਸੀ
ਬਾਹਾਂ ਬਣ ਸਕਦੀਆਂ ਨੇ ਤੇਰੇ ਲਈ ਸਕੂਨਕ ਪੜਾਵ
ਤੇਰੇ ਹੰਝੂ ਪੀ ਸਕਦੀ ਹਾਂ ਅੰਮਿ੍ਤ ਵਾਂਗ
ਕਰ ਸਕਦੀ ਹਾਂ ਅਰਪਣ ਲਹੂ ਦਾ ਹਰ ਕਤਰਾ
ਤੈਨੂੰ ਗੁਲਾਬ ਵਾਂਗ ਖੇੜੇ ਚ ਲਿਆਉਣ ਲਈ
ਹਾਂ ਮੈਂ ਆ ਸਕਦੀ ਹਾਂ
ਪਰ ਨਹੀਂ................
ਮੈਂ ਇੰਝ ਨਹੀਂ ਆਵਾਂਗੀ ਤੇਰੀਆਂ ਬਾਹਾਂ ਵਿੱਚ
ਤੇਰੇ ਤੋਂ ਦੂਰ ਰਹਿ ਤੜਪਾਂਗੀ ਮੈਂ ,
ਤੂੰ ਵੀ ਤੜਪ
ਅਜੇ ਬਹਾ ਹੰਝੂ ਤੇ ਬਣਨ ਦੇ ਇੰਨਾ ਨੂੰ ਛੋਅਲੇ
ਮਿਲਾਪ ਲਈ ਕਰ ਤਿਆਰ ਬਾਗ
ਤੇ ਖਿੜਾ ਉਸ ਵਿੱਚ ਮਨੁੱਖਤਾ ਦੇ ਫੁੱਲ
ਸੜ ਇਕਲਾਪੇ ਦੀ ਅੱਗ ਵਿੱਚ
ਤੇ ਜਲਾ ਦੇ ਜੱਗ ਦੀਆਂ ਰਸਮਾਂ ਨੂੰ
ਬੇਖੌਫ ਹੋ ਜਿੱਥੇ ਪਲ ਸਕੇ ਪਿਆਰ
ਸੱਜਣਾ ਪਹਿਲਾਂ ਕੋਈ ਸਮਾਜ ਸਿਰਜ
ਚੁੰਮਣਾਂ ਦੀ ਦਾਸਤਾਨ ਫੇਰ ਲਿਖ ਲਈਂ
ਪਹਿਲਾਂ ਜੁਗ ਬਦਲਦੀ ਕੋਈ ਵੀਰਗਾਥਾ ਲਿਖ
ਤੇਰੀ ਸਿਆਹੀ ਸਿੰਜੇਗੀ ਪਿਆਰ ਦੇ ਫੁੱਲ
ਤੇ ਮਹਿਕੇਗਾ ਆਖਿਰ ਮਹੁੱਬਤਾਂ ਦਾ ਬਾਗ
ਤੇ ਉਸ ਬਾਗ ਵਿੱਚ ਸਾਡਾ ਮੇਲ ਜ਼ਰੂਰ ਹੋਵੇਗਾ

Tuesday, November 17, 2009

ਐ ਸਰਮਾਏਦਾਰ਼
ਤੂੰ ਮੇਰੇ ਘਰ ਆਇਆ
ਮੈਂ ਮਹਿਮਾਨ ਨਿਵਾਜ਼ੀ ਕੀਤੀ
ਆਪਣੀ ਟੁੱਟੀ ਮੰਜੀ ਦੀ ਥਾਂ
ਤੈਨੂੰ ਆਪਣੀ ਛਾਤੀ ਤੇ ਬਿਠਾਇਆ
ਤੂੰ ਖਾਣੇ ਦੀ ਮੰਗ ਕੀਤੀ
ਮੈਂ ਆਪਣੇ ਬਾਲ ਦੇ ਮੂੰਹ ਦੀ ਬੁਰਕੀ
ਤੇਰੇ ਮੂੰਹ ਵਿੱਚ ਪਾ ਦਿੱਤੀ
ਤੂੰ ਸ਼ਰਾਬ ਦੀ ਮੰਗ ਕੀਤੀ
ਆਪਣਾ ਲਹੂ ਉਬਾਲ ਮੈਂ ਮਦਿਰਾ ਬਣਾ ਦਿੱਤੀ
ਤੂੰ ਮੇਰੀ ਭੈਣ ਦੀ ਹਿੱਕ ਤੋਂ ਚੁੰਨੀ ਉਡਾਈ
ਮੈਂ ਮਜਬੂਰ ਨਜ਼ਰ ਝੁਕਾ ਦਿੱਤੀ
ਤੂੰ ਕਿਹਾ ਗੁਲਾਮੀ ਕਰ
ਹੱਥ ਜੋੜ ਮੈਂ ਰਜ਼ਾ ਪੁਗਾ ਦਿੱਤੀ
ਮੇਰੇ ਘਰ ਦੀ ਮਿੱਟੀ ਵੀ
ਤੂੰ ਆਪਣੇ ਮਹਿਲੀਂ ਲਾ ਲਈ
ਮੈਂ ਖਾਮੋਸ਼ ਰਹਿ ਗਿਆ

ਪਰ ਹੁਣ ਮੈਨੂੰ ਭੁੱਖ ਲੱਗੀ ਹੈ
ਮੇਰੇ ਪੇਟ ਦੀ ਅੱਗ ਕਰ ਰਹੀ ਹੈ ਮੈਨੂੰ ਮਜਬੂਰ
ਕਿ ਮੈਂ ਉੱਠਾਂ
ਖੋ ਲਵਾਂ ਤੇਰੇ ਤੋਂ ਆਪਣੇ ਹਿੱਸੇ ਦੀ ਬੁਰਕੀ
ਆਪਣੇ ਹੱਥਾਂ ਦੇ ਛਾਲਿਆਂ ਚੋਂ ਰਿਸਦੀ ਪੀਕ
ਤੇਲ ਬਣਾ ਚੋ ਦਿਆਂ ਤੇਰੀਆਂ ਜੜਾਂ ਵਿੱਚ
ਆਪਣੇ ਹੱਥ ਵਿਚਲੇ ਹਥੌੜੇ ਨਾਲ
ਢਾਹ ਦਿਆਂ ਤੇਰੇ ਸਾਮਰਾਜੀ ਮਹਿਲ
ਆਪਣੀ ਦਾਤੀ ਨੂੰ ਕਟਾਰ ਬਣਾ ਕੇ
ਕੱਟ ਦਿਆਂ ਤੇਰੇ ਸਿਰ ਦੀ ਫਸਲ
ਉਧੇੜ ਕੇ ਤੇਰੀ ਖੱਲ
ਕੱਜ ਦਿਆਂ ਆਪਣੀ ਭੈਣ ਦੀ ਹਿੱਕ
ਤੇ ਮੇਰੇ ਮੁੜਕੇ ਦਾ ਹੜ
ਰੋੜ ਲੈ ਜਾਵੇ ਤੇਰੇ ਆਖਰੀ ਨਿਸ਼ਾਨ ਵੀ
ਕਿਉਂਕਿ ਸਦੀਆਂ ਦੀ ਮੇਰੀ ਭੁੱਖ
ਤੇਰੇ ਅੰਤ ਨਾਲ ਹੀ ਮਿਟ ਸਕਦੀ ਹੈ

Friday, November 6, 2009

parvaas

ਲੈ ਅਰੂਪ ਕੋਲੋਂ ਰੂਪ ਆਇਆ ਧਰਤ ਤੇ
ਬੱਦਲ ਦੀ ਕੁੱਖ ਦਾ ਜਾਇਆ
ਬਣਿਆ ਇੱਕ ਬੂੰਦ
ਡਿੱਗਿਆ ਜਾ ਵਿੱਚ ਮਾਨਸਰੋਵਰ
ਸਮਝੇ ਖੁਦ ਨੂੰ ' ਮੈਂ ਹਾਂ ਸਮੁੰਦਰ'
ਜਾ ਪਿਆ ਖੁੱਲੀ ਸੀਪ ਦੇ ਮੂੰਹ ਵਿੱਚ
ਬਣਿਆ ਸੁੱਚਾ ਮੋਤੀ
ਹੰਸ ਨੇ ਚੁਗਿਆ, ਹੰਸ ਚ ਵੜਿਆ
ਸਮਝੇ ਖੁਦ ਨੂੰ ਹੰਸ-ਦੇਸ਼ ਦਾ ਵਾਸੀ
ਬਣ ਪਰਿੰਦਾ ਖੁਦ ਨੂੰ ਸਮਝੇ
ਮੈਂ ਅੰਬਰ ਦਾ ਰਾਜਾ
ਅੰਬਰ ਮੇਰਾ ,ਮੈਂ ਅੰਬਰ ਦਾ
ਹੋਇਆ ਸਭ ਤੋਂ ਬਾਗੀ
ਉੱਡਿਆ ਉੱਚਾ , ਹੋਰ ਵੀ ਉੱਚਾ
ਪਰ ਅੰਬਰ ਨਾ ਮੁੱਕਾ
ਥੱਕ ਆਲਣੇ ਵਿੱਚ ਆ ਬੈਠਾ
ਖੰਭਾਂ ਵਿੱਚ ਮੂੰਹ ਲੁਕੋਈ
ਫਿਰ ਬਣਿਆ ਪਸ਼ੂ ਤਾਂ ਸਮਝੇ ਖੁਦ ਨੂੰ
ਮੈਂ ਜੰਗਲ ਦਾ ਰਾਜਾ
ਕੁੱਦੇ ਨੱਚੇ ਮੌਜਾਂ ਮਾਣੇ
ਆਪਣੇ ਆਪ ਚ ਖੋਇਆ
ਫਿਰ ਦਹਾੜਿਆ ਕੋਈ, ਜੰਗਲ ਗੂੰਜਿਆ
ਤੇ ਬਣਿਆ ਰਾਜਾ , ਕਿਸੇ ਦਾ ਖਾਜਾ
ਫਿਰ ਬਣਿਆ ਇੱਕ ਬੁੱਤ
ਨਾਂ ਧਰਿਆ ਗਿਆ ਇਨਸਾਨ
" ਜਾ ਨੀਂ ਕੁਦਰਤ , ਤੈਨੂੰ ਕੀ ਜਾਣਾਂ?"
ਤੂੰ ਜਿਊਂਦੀ ਮੇਰਾ ਅਹਿਸਾਨ"
"ਕਿਉਂਕਿ ਮੈਂ ਹਾਂ ਇਨਸਾਨ"
ਮਾਇਆ ਨਗਰੀ ਜਾਲ ਵਿਛਾਇਆ
ਫਸਿਆ ਜਾ ਵਿਚਕਾਰ
ਪੱਥਰ-ਢੇਰੀ ਨੂੰ ਘਰ ਸਮਝੇ
ਹਵਸ ਨੂੰ ਸਮਝੇ ਪਿਆਰ
ਜ਼ਹਿਰ ਨੂੰ ਸ਼ਹਿਦ ਸਮਝ ਕੇ ਚੱਟੇ
ਫਿਰਦਾ ਹੋਸ਼ ਗਵਾਈ
ਰੰਗ ਤਮਾਸ਼ਿਆਂ ਐਸਾ ਮੋਹਿਆ
ਆਪਣੀ ਹੋਂਦ ਭੁਲਾਈ
ਮਾਤ ਦੇਸ਼ ਦਾ ਰਿਹਾ ਨਾ ਚੇਤਾ
ਖੋਇਆ ਵਿੱਚ ਪਰਦੇਸ
ਖੁਦ ਨੂੰ ਬੱਸ ਹੱਡ ਮਾਸ ਹੀ ਸਮਝੇ
ਭੁੱਲਿਆ ਅਸਲੀ ਵੇਸ
ਖੇਡਾਂ ਖੇਡੇ , ਰੋਵੇ ਹੱਸੇ
ਖੁਦ ਨੂੰ ਧਰਤ ਦਾ ਰਾਜਾ ਦੱਸੇ
ਪਰ ਫੇਰ ਇੱਕ ਵਗੀ ਹਨੇਰੀ
ਲੈ ਆਈ ਫੁਰਮਾਨ
ਮਾਤਦੇਸ ਨੂੰ ਨਾਲ ਮੇਰੇ ਚੱਲ
ਕਿਹਾ ਆ ਕੇ ਮੌਤ ਰਕਾਨ
ਤੇ ਲੈ ਬੁੱਕਲ ਵਿੱਚ ਪਰਦੇਸੀ
ਉੱਡ ਗਈ ਮੌਤ ਰਕਾਨ
ਜਦ ਜਾ ਸੁੱਟਿਆ ਮਾਤ ਦੇਸ਼ ਵਿੱਚ
ਹੋਸ਼ ਪਰਤ ਤਦ ਆਸੀ
ਆਖਿਰ ਦੇਸ਼ ਨੂੰ ਪਰਤ ਆਇਆ
ਭੋਲਾ ਪੰਛੀ ਪਰਦੇਸੀ

Sunday, November 1, 2009

ਖਾਮੋਸ਼ੀ ਦੀ ਆਵਾਜ਼

ਖਾਮੋਸ਼ੀ ਵਿੱਚ ਗੁੰਮਿਆਂ ਤੋਂ ਪੁੱਛ ਕ ਦੇਖੀਂ
ਖਾਮੋਸ਼ੀ ਦੀ ਆਵਾਜ਼ ਵੀ ਕੁਝ ਕਹਿੰਦੀ ਹੈ
ਗੱਲ ਜੋ ਸ਼ੋਰ ਤੋਂ ਬਰਦਾਸ਼ਤ ਨਹੀਂ ਹੁੰਦੀ
ਖਾਮੋਸ਼ ਹੋ ਖਾਮੋਸ਼ੀ ਉਸਨੂੰ ਸਹਿੰਦੀ ਹੈ

ਫੋਲਦੀ ਇਤਿਹਾਸ ਦੇ ਗੌਰਵਮਈ ਵਰਕੇ
ਜ਼ੁਲਮ ਦੀ ਦਾਸਤਾਨ ਹੰਡਾਇਆ ਜੋ ਇਸਨੇ
ਪੁੱਛੀਂ ਜ਼ਰਾ ਚੌਂਕ ਚ ਖੜੇ ਖਾਮੋਸ਼ ਬੁੱਤ ਤੋਂ
ਜ਼ਰੂਰ ਸੁਣਾਵੇਗਾ ਆਪਣੀ ਜਿੱਤ ਦੀ ਦਾਸਤਾਨ
ਪੁੱਛੀਂ ਜ਼ਰਾ ਮੰਦਿਰ ਚ ਪਈ ਖਾਮੋਸ਼ ਮੂਰਤ ਤੋਂ
ਜ਼ਰੂਰ ਸੁਣਾਵੇਗੀ ਉਹ ਆਪਣੀ ਮਿੱਥ ਦੀ ਦਾਸਤਾਨ

ਪਰ ਜ਼ਰਾ ਖਿਆਲ ਰੱਖੀਂ ,ਨਾ ਪੁੱਛ ਬੈਠੀਂ
ਸ਼ੀਸ਼ੇ ਚ ਖੜੇ ਖਾਮੋਸ਼ ਅਕਸ ਤੋਂ
ਜੇ ਉਹ ਬੋਲਿਆ ਤਾਂ ਭੇਦ ਖੁੱਲ ਜਾਣਗੇ
ਤੇਰੇ ਅੰਦਰ ਛੁਪੀ ਤੇਰੀ ਨਾਮਰਦੀ ਦੇ

ਨਾ ਪੁੱਛੀਂ ਕਿਸੇ ਗਰੀਬ ਦੀ ਖਾਮੋਸ਼ ਅੱਖ ਤੋਂ
ਖੋਲੇਗੀ ਭੇਦ ਤੇਰੇ ਹੈਵਾਨ ਹੋਣ ਦਾ
ਇੱਕ ਨਾ ਪੁੱਛੀਂ ਦਫਤਰ ਦੀ ਖਾਮੋਸ਼ ਫਾਇਲ ਤੋਂ
ਭੇਦ ਖੋਲੇਗੀ ਤੇਰੇ ਬੇਈਮਾਨ ਹੋਣ ਦਾ

ਨਾ ਪੁੱਛੀਂ ਅੰਬਰ ਦੇ ਖਾਮੋਸ਼ ਚੰਨ ਨੂੰ
ਖੋਲੇਗਾ ਭੇਦ ਤੇਰੇ ਕੀਤੇ ਕਤਲਾਂ ਦਾ
ਨਾ ਛੇੜੀਂ ਮਾਰੂਥਲ ਦੇ ਖਾਮੋਸ਼ ਅੱਕ ਨੂੰ
ਖੋਲੇਗਾ ਭੇਦ ਤੇਰੀਆਂ ਨਫਰਤੀ ਫਸਲਾਂ ਦਾ

ਕਰ ਦੇਵੇਗੀ ਤੇਰੇ ਵਜੂਦ ਨੂੰ ਲੀਰੋ ਲੀਰ
ਜੇ ਕਦੇ ਤੇਰੀ ਖਾਮੋਸ਼ ਆਤਮਾ ਬੋਲ ਪਈ
ਮਸ਼ਵਰਾ ਹੈ ਤੈਨੂੰ ਰਹੀਂ ਸ਼ੋਰ ਵਿੱਚ ਹੀ ਗੁੰਮ
ਕਿਉਂਕਿ
ਖਾਮੋਸ਼ੀ ਦੀ ਆਵਾਜ਼ ਬਹੁਤ ਕੁਝ ਕਹਿੰਦੀ ਏ

hr nazar

ਹਰ ਨਜ਼ਰ ਮੈਨੂੰ ਤਮਾ੍ ਲਗਦੀ ਏ
ਹਨੇਰਿਆਂ ਤੋਂ ਕਾਲੀ ਸ਼ਮਾ ਲਗਦੀ ਏ
ਚੁੱਲੇ ਦੀ ਬੁਝੀ ਅੱਗ ਨੂੰ ਫੋਲਦੀ ਨਜ਼ਰ
ਉਦਾਰੀ ਹੀ ਇੱਕ ਅੰਨ ਦੀ ਬੁਰਕੀ ਲੱਭਦੀ ਏ
ਮੌਤ ਦੀ ਹਵਾੜ ਸੁੰਘਦੀ ਇੱਕ ਨਾਸ
ਧਰਤੀ ਚੋਂ ਸੂਤਕ ਦੀ ਮਹਿਕ ਲੱਭਦੀ ਏ
ਕਿਸੇ ਬਰੂਟੀ ਉਹਲਿਉਂ ਜਹਿਰ ਵਿਲੱਸੀ ਨਾਗਣ
ਨੋਚਣ ਲਈ ਮਾਸੂਮ ਬੋਟ ਲੱਭਦੀ ਏ
ਸਾੜਨ ਲਈ ਆਪਣੀ ਖਿੱਚ ਦੀ ਅਗਨ ਵਿੱਚ ਇੱਕ ਲੋਅ
ਪਾਗਲ ਪਰਵਾਨੇ ਦਾ ਪਤਾ ਲੱਭਦੀ ਏ
ਸਣੇ ਗਮਾਂ ਦੇ ਖੁਦ ਉਸ ਵਿੱਚ ਡੁੱਬ ਜਾਣ ਲਈ
ਪਿਆਸੀ ਨਜ਼ਰ ਪੈਮਾਨਾ ਕੋਈ ਲੱਭਦੀ ਏ
ਬਿਰਹਾ ਕੁੱਠੀ ਨਾਰ ਇੱਕ ਸਰਦ ਰਾਤ ਵਿੱਚ
ਸਮਾਉਣ ਲਈ ਆਗੋਸ਼ ਕੋਈ ਲੱਭਦੀ ਏ
"ਮੀਤ" ਨੂੰ ਇਹੀ ਪਤਾ ਹੈ ਹਰ ਨਜ਼ਰ
ਆਪਣੇ ਆਪ ਦਾ ਹੀ ਪਤਾ ਲੱਭਦੀ ਏ
ਹਰ ਨਜ਼ਰ ਮੈਨੂੰ ਤਮਾ੍ ਲਗਦੀ ਏ
ਹਨੇਰਿਆਂ ਤੋਂ ਕਾਲੀ ਸ਼ਮਾ ਲਗਦੀ ਏ

Saturday, October 31, 2009

kalam nu

ਪੁੱਛਿਆ ਕਲਮ ਨੂੰ ਇੱਕ ਅੰਨੇ ਖਿਆਲ ਨੇ
ਕਿਉਂ ਦੱਬ ਆਈ ਸੀ ਤੂੰ ਮੈਨੂੰ ਡੂੰਘਾਈਆਂ ਦੇ ਵਿੱਚ
ਦਿਲ ਦੀ ਗਹਿਰਾਈ ਚੋਂ ਨਿਕਲ ਕੇ, ਤੇਰੇ ਤੱਕ ਪਹੁੰਚਣ ਲਈ
ਦੇਖ ਜ਼ਰਾ ਮੈਨੂੰ ਕਿੰਨੇ ਸਾਲ ਲੱਗ ਗਏ
ਰਾਹ ਦੀਆਂ ਠੋਕਰਾਂ ਨੇ ਮੈਨੂੰ ਬੁੱਢਾ ਤਾਂ ਕਰ ਦਿੱਤਾ
ਪਰ ਫੇਰ ਵੀ ਤੇਰੇ ਤੱਕ ਪਹੁੰਚ ਹੀ ਗਿਆ
ਮੇਰਾ ਆਪਣਾ ਵਜੂਦ ਤਾਂ ਹੁਣ ਨਿਢਾਲ ਹੋ ਗਿਆ
ਪਰ ਤੇਰੇ ਲਈ ਸੁਨੇਹੇ ਕਈ ਲੈ ਕੇ ਆਇਆਂ
ਪਹਿਲਾ ਸੁਨੇਹਾ ਹੈ ਕਿਸੇ ਦਿਲ ਦੇ ਦਰਦ ਦਾ
ਜਾਣ ਬੁੱਝ ਕੇ ਜਿਸਨੂੰ ਦਫਨਾਇਆ ਗਿਆ ਹੈ
ਪਿਆ ਹੈ ਅਜੇ ਵੀ ਕਬਰ ਵਿੱਚ ਜਿਊਂਦਾ
ਉਡੀਕਦਾ ਹੈ ਖਾਰੇ ਪਾਣੀ ਚ ਜਜ਼ਬ ਹੋਣ ਨੂੰ
ਚਾਹੁੰਦਾ ਹੈ ਕਿ ਤੂੰ ਧਰੇਂ ਉਸਨੂੰ ਕਾਗਜ਼ ਦੀ ਹਿੱਕ ਉੱਤੇ
ਮੋਹਿਤ ਹੋ ਹੰਝੂ ਕੋਈ ਅਪਨਾ ਲਵੇ ਉਸਨੂੰ
ਹੈ ਦੂਜਾ ਸੁਨੇਹਾ ਅਰਮਾਨਾਂ ਦੀ ਸੜ ਰਹੀ ਲਾਸ਼ ਦਾ
ਤੇਰੀ ਮਦਦ ਨਾਲ ਉਹ ਜੱਗ ਸਾਹਮਣੇ ਚਾਹੁੰਦੀ ਹੈ ਆਉਣਾ
ਫੈਲਾਉਣਾ ਚਾਹੁੰਦੀ ਹੈ ਆਪਣੇ ਸੜਨ ਦੀ ਬਦਬੂ
ਗਿਲਾਨੀ ਨਾਲ ਹੀ ਸ਼ਾਇਦ ਕੋਈ ਕਰ ਦੇਵੇ ਅੰਤਿਮ ਸੰਸਕਾਰ
ਤੀਜਾ ਸੁਨੇਹਾ ਹੈ ਇੱਕ ਅਧੂਰੇ ਸੁਪਨੇ ਦਾ
ਲਾ ਕੇ ਦਾਅ ਪਹੁੰਚਦਾ ਅੱਖਾਂ ਦੇ ਬੂਹੇ ਤੇ
ਰੂਪਵਾਨ ਹੋ ਮਨ ਵਿੱਚ ਤਾਰੀਆਂ ਤਾਂ ਲਾਉਂਦਾ
ਪਰ ਸੂਰਜ ਤੋਂ ਡਰ ਕੇ ਛੁਪ ਜਾਂਦਾ ਦਿਲ ਦੇ ਹਨੇਰੇ ਵਿੱਚ
ਚਾਹੁੰਦਾ ਹੈ ਕਿ ਤੂੰ ਹਨੇਰੇ ਤੋਂ ਲੈ ਕੇ ਸਿਆਹੀ
ਕਰ ਦੇਵੇਂ ਉਸਨੂੰ ਚਾਨਣਾਂ ਦੇ ਮੁਖਾਲਫਤ
ਪਰ ਅਫਸੋਸ ਤੇਨੂੰ ਦਰਦ ਲਿਖਣ ਦੀ ਜਾਚ ਹੀ ਨਹੀਂ
ਫੁਰਸਤ ਨਹੀਂ ਤੈਨੂੰ ਮਿੱਠੇ ਜ਼ਹਿਰ ਉਗਲਣ ਤੋਂ
ਸੱਚ ਦੇ ਨੰਗੇ ਪਿੰਡੇ ਤੇ ਝੂਠ ਦੇ ਲੀੜੇ ਪਹਿਨਾ ਕੇ
ਕੋਸ਼ਿਸ਼ ਕਰੇਂ ਰੋਕਣ ਦੀ ਅੰਗਿਆਰਾਂ ਨੂੰ ਸੁਲਗਣ ਤੋਂ
ਪਰ ਐ ਕਲਮ, ਮੈਂ ਖਿਆਲ ਹਾਂ
ਤੇਰੇ ਸਾਥ ਦਾ ਮੁਹਤਾਜ ਨਹੀਂ
ਪੰਛੀ ਤਾਂ ਸੀਖਾਂ ਪਿੱਛੇ ਡੱਕਿਆ ਜਾਂਦਾ
ਪਰ ਡੱਕੀ ਜਾਂਦੀ ਕਦੇ ਪਰਵਾਜ਼ ਨਹੀਂ
ਤੇਰੀ ਨੋਕ ਚੋਂ ਉੱਤਰੇ ਹਰ ਹਰਫ ਦੀ ਸਹੁੰ
ਤੈਨੂੰ ਝੂਠ ਲਈ ਮਰਦੀ ਮੈਂ ਤੱਕ ਨਹੀਂ ਸਕਦਾ
ਹੁਣ ਸਿਆਹੀ ਬਣ ਮੈਂ ਉੱਤਰਾਂਗਾ ਤੇਰੇ ਅੰਦਰ
ਕਰ ਦੇਵਾਂਗਾ ਮਜਬੂਰ ਤੈਨੂੰ ਸੱਚ ਉਗਲਣ ਲਈ

akk da buta

ਮੈਂ ਹਾਂ ਬੂਟਾ ਅੱਕ ਦਾ, ਮੈਂ ਹਾਂ ਬੂਟਾ ਸੱਚ ਦਾ
ਤੁਸੀਂ ਮੈਨੂੰ ਮਾੜਾ ਕਹਿੰਦੇ ਹੋ, ਕਿਉਂ ਮੈਨੂੰ ਕੋਸਦੇ ਰਹਿੰਦੇ ਹੋ??
ਸਮਝਾਂ ਨਾ ਦਸਤੂਰ ਹੈ ਕੀ, ਆਖਿਰ ਮੇਰਾ ਕਸੂਰ ਹੈ ਕੀ???
ਮੈਂ ਵੀ ਅੰਸ਼ ਹਾਂ ਕੁਦਰਤ ਦਾ, ਕਿਉਂ ਦੂਰ ਮੇਰੇ ਤੋਂ ਰਹਿੰਦੇ ਹੋ??
ਤੁਸੀਂ ਆਖਦੇ ਹੋ ਮੈਂ ਕੌੜਾ ਹਾਂ ,ਸੱਚ ਵੀ ਤਾਂ ਕੌੜਾ ਹੁੰਦਾ ਹੈ
ਪਰ ਭਰੇ ਝੂਠ ਦੀ ਹਾਮੀ ਜੋ , ਸੱਚ ਤੋਂ ਤਾਂ ਭਗੌੜਾ ਹੁੰਦਾ ਹੈ
ਮੇਰੇ ਵੱਲ ਕੌੜਾ ਤੱਕਦੇ ਹੋ
ਫਿਰ ਸੋਚੋ ਜ਼ਹਿਰ ਹੈ ਕੀਹਦੇ ਵਿੱਚ??
ਖੁਦ ਆਪਣਾ ਆਪਾ ਮਾਰ ਲੈਂਦੇ
ਫਿਰ ਸੋਚੋ ਕਹਿਰ ਹੈ ਕੀਹਦੇ ਵਿੱਚ??
ਮੈਂ ਤਾਂ ਆਪਣੀ ਹੋਂਦ ਲਈ , ਹਾਲਾਤਾਂ ਦੇ ਨਾਲ ਭਿੜਦਾ ਹਾਂ
ਮਾਣ ਹੈ ਮੈਨੂੰ ਕਿ ਮੈਂ ਮਾਰੂਥਲ ਵਿੱਚ ਖਿੜਦਾ ਹਾਂ
ਆਪਣੇ ਦਿਲ ਦੇ ਵਲਵਲੇ ਕਿਉਂ ਕੁਦਰਤ ਉੱਤੇ ਲੱਦਦੇ ਹੋ??
ਖੁਦ ਦਿੱਤੇ ਜ਼ਖਮ ਤਾਂ ਤੱਕਦੇ ਨਾ , ਕੰਡਿਆਂ ਨੂੰ ਤੁਸੀਂ ਭੰਡਦੇ ਹੋ
ਕੰਡੇ ਤਾਂ ਹੁੰਦੇ ਵਫਾਦਾਰ ਨਾ ਕੋਈ ਗੁਸਤਾਖੀ ਕਰਦੇ ਨੇ
ਇਹ ਤਾਂ ਚੋਰ ਹੱਥਾਂ ਤੋਂ ਫੁੱਲਾਂ ਦੀ ਰਾਖੀ ਕਰਦੇ ਨੇ
ਹੁਣ ਤੁਸੀਂ ਸੋਚੋ ਅੱਜ ਤੱਕ, ਕਿਸਦੇ ਨਾਲ ਵਫਾ ਨਿਭਾਈ ਏ?
ਇਹ ਵੀ ਸੋਚੋ ਕਿਸ ਜੁਰਮ ਦੀ ਸਾਨੂੰ ਸਜ਼ਾ ਸੁਣਾਈ ਏ

ਹੁਣ ਵਾਰੀ ਆਉਂਦੀ ਪੱਥਰਾਂ ਦੀ, ਕਠੋਰ ਜਿਸਨੂੰ ਕਹਿੰਦੇ ਹੋ
ਨਾ ਭੁੱਲੋ ਕਿ ਤੁਸੀਂ ਓਸੇ ਦੀ ਛਾਂ ਦੇ ਹੇਠਾਂ ਰਹਿੰਦੇ ਹੋ
ਜੇ ਖੁਦ ਇਸ ਨੂੰ ਤਰਾਸ਼ ਲਵੋ, ਤਾਂ ਦੇਵਤਾ ਇਸਨੂੰ ਕਹਿੰਦੇ ਹੋ
ਜੇ ਉਂਝ ਸੜਕ ਤੇ ਪਿਆ ਮਿਲੇ, ਤਾਂ ਕੌੜਾ ਕੌੜਾ ਵੇਂਹਦੇ ਹੋ
ਪੱਥਰ ਤੋਂ ਵੀ ਵੱਧ ਕਠੋਰ ਦਿਲ ਤੇਰਾ ਇਨਸਾਨਾਂ ਵੇ
ਐਵੇਂ ਨਾ ਕੁਦਰਤ ਭੰਡਿਆ ਕਰ , ਸੁਣ ਲੈ ਗੱਲ ਬੇਇਮਾਨਾਂ ਵੇ
ਉਂਝ ਫੁੱਲ ਕਲੀਆਂ ਸਲਾਹੇਂ ਤੂੰ, ਪਰ ਉਹਨਾਂ ਨੂੰ ਕਦ ਛੱਡਦਾ ਏਂ
ਝੂਠੇ ਇਜ਼ਹਾਰੇ ਪਿਆਰ ਲਈ, ਜਾਨ ਫੁੱਲਾਂ ਦੀ ਕੱਢਦਾ ਏਂ
ਸਾਰੀ ਕੁਦਰਤ ਸਾਜੀ ਜਿਸਨੇ , ਉਹਨੂੰ ਥੋੜ ਕੀ ਫੁੱਲਾਂ ਦੀ
ਉਹ ਤੇਰੀ ਭਗਤੀ ਨੂੰ ਜਾਚੇ,ਉਸਨੂੰ ਲੋੜ ਨੀ ਮੁੱਲਾਂ ਦੀ
ਜਿਹੜਾ ਤੈਨੂੰ ਦੁੱਧ ਪਿਲਾਵੇ , ਤੂੰ ਓਸੇ ਨੂੰ ਡੰਗਦਾ ਏਂ
ਤੈਨੂੰ ਤੇਰਾ ਅਕਸ ਦਿਖਾਵਾਂ ਤਾਂਹੀ ਮੈਨੂੰ ਭੰਡਦਾ ਏਂ
ਹਾਂ ਮੈਨੂੰ ਤਾਂ ਭੰਡੇਂਗਾ ਹੀ , ਜਦ ਸੱਚ ਕੋਲੋਂ ਤੂੰ ਡਰਦਾ ਏਂ
ਕਿੰਝ ਸੱਚ ਪਰਵਾਨ ਕਰੇਂਗਾ ਤੂੰ, ਜਦ ਹਾਮੀ ਝੂਠ ਦੀ ਭਰਦਾ ਏਂ
ਮੈਨੂੰ ਤਰਸ ਆਉਂਦਾ ਏ ਤੇਰੇ ਤੇ ਤੇਰੀ ਸੋਚ ਕਿਉਂ ਐਨੀ ਛੋਟੀ ਹੈ
ਕਹਿਣ ਨੂੰ ਸਰਵਉਤੱਮ ਜੂਨੀ,ਪਰ ਨੀਤ ਕਿਉਂ ਐਨੀ ਖੋਟੀ ਹੈ??
ਸੁਣ ਗੱਲ ਮੇਰੀ ਇਨਸਾਨਾ ਵੇ , ਦਿਲ ਵਿੱਚ ਪਿਆਰ ਵਸਾਉਣਾ ਸਿੱਖ
ਜੇਕਰ ਰੱਬ ਨੂੰ ਪਾਉਣਾ ਏ , ਪਹਿਲਾਂ ਕੁਦਰਤ ਨੂੰ ਅਪਨਾਉਣਾ ਸਿੱਖ

dua ate dya

ਪੋਹ ਦੀ ਸਰਦ ਰੁੱਤ
ਅੰਤਾਂ ਦੀ ਠੰਡ ਨਸਾਂ ਵਿਚਲਾ ਲਹੂ ਜਮਾਉਂਦੀ
ਮਾਵਾਂ ਨੇ ਬੋਟ ਖੰਭਾਂ 'ਚ ਲੁਕਾ ਲਏ
ਬੰਦਿਆਂ ਨੇ ਖੁਦ ਨੂੰ ਢਕ ਲਿਆ ਗਰਮ ਕੱਪੜਿਆਂ ਨਾਲ
ਹੀਟਰਾਂ ਦੇ ਸਾਹਮਣੇ ਬੈਠੇ ਬਹੁਤ ਠੰਡ ਹੈ ਯਾਰ
ਘਰ ਤੋਂ ਨਿੱਕਲਣਾ ਨਾ-ਮੁਮਕਿਨ,
ਬਦਨ ਤੇ ਰਜਾਈਆਂ ਵਰਗੇ ਕੋਟ,
ਸਿਰ ਤੇ ਟੋਪੀ ਹੱਥੀ ਦਸਤਾਨੇ,
ਫਿਰ ਵੀ ਕੰਬਦੇ ਹੋਏ ਇਨਸਾਨ
ਅਧ-ਨੰਗੇ ਪਿੰਡੇ ਨੰਗੇ ਪੈਰੀਂ
ਸਾਹਮਣੇ ਫੁੱਟਪਾਥ ਤੇ ਬੈਠੇ
ਕਾਗਜ਼ਾਂ ਦੀ ਧੂਣੀ ਸੇਕਦੇ ਨੇ
ਮੰਗ ਰਹੇ ਨੇ ਸਰਬੱਤ ਦਾ ਭਲਾ
ਰੱਬਾ..ਇੱਸ ਕਹਿਰ ਤੌਂ ਸਭ ਨੂੰ ਬਚਾ
ਇੰਨੇ ਨੂੰ ਕੋਲੋ ਲੰਘ ਰਹੇ ਇਨਸਾਨ ਜਾਪਦੇ ਬੁੱਤ ਅੱਗੇ
ਅੱਡਦੇ ਨੇ ਹੱਥ
ਮੰਗਦੇ ਨੇ ਕੋਈ ਪੁਰਾਣਾ ਕੱਪੜਾ
ਜਿਸਮ ਢਕਣ ਲਈ
ਪਰ ਕੋਟਾਂ ਦੇ ਨਿੱਘ ਚ ਬੇਦਰਦ ਖੂਨ
ਇਹ ਕਹਿ ਕੇ ਲੰਘ ਜਾਂਦਾ
"ਕਿਸੇ ਨੇ ਤੇਰੀ ਠੰਡ ਦਾ ਠੇਕਾ ਨੀ ਲਿਆ"

raat rehan de

ਕਰਾਂ ਮੈਂ ਕਿੰਝ ਸਿਜਦਾ ਅਰਗਵਾਨੀ ਸਵੇਰ ਨੂੰ?
ਜਾਣ ਲੈ ਇਸਦੇ ਅੰਦਰ ਰਾਤਾਂ ਮੋਈਆਂ ਨੇ
ਇੱਕ ਰਾਤ ਹੀ ਤਾਂ ਹੁੰਦੀ ਏ ਸਾਥਣ ਕਿਸੇ ਦੇ ਦਰਦ ਦੀ
ਜਾਣ ਕਿ ਇਸ ਰਾਤ ਵਿੱਚ ਤਨਹਾਈਆਂ ਖੋਈਆਂ ਨੇ
ਨਾ ਹੋਣ ਦਿਓ ਸਹਿਰ ਰੋਕੋ ਆਫਤਾਬ ਨੂੰ
ਕਿ ਰੌਸ਼ਨੀ ਦੇ ਨਾਲ ਲੱਖਾਂ ਦਾਗ ਨੰਗੇ ਹੋਣਗੇ
ਕੱਜੇ ਰਹੇ ਅੱਜ ਤੱਕ ਰਾਤ ਦੀ ਚਾਦਰ ਦੇ ਓਹਲੇ
ਸੂਝਵਾਨ ਸੱਜਣਾਂ ਦੇ ਅਪਰਾਧ ਨੰਗੇ ਹੋਣਗੇ
ਦੇਖੀਂ ਨਾ ਦੀਪ ਜਾਲੀਂ ਕੋਈ ਮੇਰੇ ਸ਼ਹਿਰ ਵਿੱਚ
ਸੁੱਤੇ ਜੋ ਨੀਂਦ ਚੁੱਪ ਦੀ ਇਹ ਜਾਗ ਪੈਣਗੇ
ਦੇਖੀਂ ਨਾ ਕਿਧਰੇ ਅਲਖ ਕੋਈ ਜਗਾ ਦਈਂ ਇਸ ਸ਼ਹਿਰ ਵਿੱਚ
ਰਾਜ ਆਪਣਾ ਬੇਗਾਨਿਆਂ ਤੋਂ ਖੋ ਲੈਣਗੇ
ਬੋਲ ਕੇ ਨਾ ਤੋੜ ਤੂੰ ਮੌਤ ਦੀ ਇਸ ਚੁੱਪ ਨੂੰ
ਸਨਾਟਿਆਂ ਵਿੱਚ ਅਜੇ ਤੂੰ ਜੀਰਾਣਿ ਰਹਿਣ ਦੇ
ਕੋਸ਼ਿਸ਼ ਤੂੰ ਨਾ ਕਰ ਇਸ ਵਿੱਚ ਜ਼ਿੰਦਗੀ ਵਸਾਉਣ ਦੀ
ਮੇਰੇ ਸ਼ਹਿਰ ਨੂੰ ਅਜੇ ਸ਼ਮਸ਼ਾਨ ਰਹਿਣ ਦੇ
ਐ ਪਾਗਲ ਕਿਉਂ ਜਗਾ ਰਿਹਾ ਏਂ ਲੋਕਾਂ ਨੂੰ?
ਏ ਜਾਗ ਕਿਵੇਂ ਸਕਦੇ ਨੇ ਜਾਗਣਾ ਤਾਂ ਪਾਪ ਹੈ
ਵਰਜਿਤ ਹਨ ਇਨਾਂ ਲਈ ਚੇਤੰਨ ਸੋਚ ਤੇ ਉਜਾਲੇ
ਜਾਣ ਲੈਣਾ ਕੁਝ ਇੰਨਾ ਵਾਸਤੇ ਸਰਾਪ ਹੈ
ਗਵਾਰਾਂ ਨੂੰ ਕੀ ਫਰਕ ਪੈਂਦਾ ਚਿੜੀਆਂ ਦੀ ਮੌਤ ਤੇ
ਮੇਰੇ ਸ਼ਹਿਰ ਨੂੰ ਅਜੇ ਤੂੰ ਗਵਾਰ ਰਹਿਣ ਦੇ
ਕਿਸੇ ਦੇ ਲੱਗੀ ਅੱਗ ਦਾ ਸਾਨੂੰ ਭਲਾ ਏ ਸੇਕ ਕੀ
ਸਾਡੇ ਆਪਣੇ ਘਰੇ ਤਾਂ ਅੱਗ ਲੱਗ ਲੈਣ ਦੇ
ਅਰਸੇ ਬਾਦ ਲਿਖ ਲਈਂ ਬਦਲੀ ਕਹਾਣੀ ਸ਼ਹਿਰ ਦੀ
ਅਜੇ ਤਾਂ ਸਾਡੀ ਅਣਕਹੀ ਤੂੰ ਬਾਤ ਰਹਿਣ ਦੇ
ਕੋਸ਼ਿਸ਼ ਤੂੰ ਨਾ ਕਰ ਨਵੀਂ ਸਵੇਰ ਲਈ
ਐ ਮੇਰੇ ਹਮਦਰਦ ਅਜੇ ਰਾਤ ਰਹਿਣ ਦੇ

zindgi da naam

ਤੂੰ ਕਿਹਾ ਮੇਰਾ ਮਹਿਬੂਬ ਹੈ ,ਜ਼ਿੰਦਗੀ ਦਾ ਦੂਜਾ ਨਾਮ
ਹਾੰ ਦਰੁਸਤ ; ਹੋ ਸਕਦਾ ਹੈ
ਤੇਰੇ ਮਹਿਬੂਬ ਜਹੀ ਅੱਖ ਕਿਸੇ ਕੋਲ ਨਹੀਂ
ਉਸ ਵਰਗੇ ਗੁਲਾਬੀ ਬੁੱਲ ਕਿਸੇ ਕੋਲ ਨਹੀਂ
ਉਸਦੇ ਹੱਥ ਮੱਖਣ ਤੋਂ ਵੀ ਕੂਲੇ
ਖੋਇਆ ਤੂੰ ਉਸਦੇ ਖਾਬਾਂ ਵਿੱਚ
ਲਿਖਦਾ ਗੀਤ ਸਿਫਤ ਦੇ
ਉਹਦੇ ਸੂਟ ਤੇ ਪਈ ਬੂਟੀ ਦੇ
ਉਹਦੀ ਕੋਇਲ ਜਹੀ ਆਵਾਜ਼ ਦੇ
ਕਦੇ ਹਿਰਨੀ ਵਰਗੀ ਚਾਲ ਦੇ
ਪਰ ਸੱਜਣਾਂ ਕੀ ਤੱਕਿਆ ਏ ਕਦੀ?
ਉਸ ਅੱਖ ਨੂੰ ,ਜੋ ਸਿਰਫ ਇੱਕ ਅੰਨ ਦੀ ਬੁਰਕੀ ਟੋਲਦੀ ਹੈ
ਕੀ ਤੱਕਿਆ ਕਦੇ ,ਉਹ ਕਰੰਗ ਜਿਸਮ?
ਖੂਨ ਦੀ ਥਾਂ ਜਿਸ ਵਿੱਚ ਲਾਚਾਰੀ ਦੌੜਦੀ ਹੈ
ਕੀ ਤੱਕਿਆ ਕਦੇ ਕਿਸੇ ਗਰੀਬਣੀ ਨੂੰ ?
ਲੋਕ ਸੂਟ ਦੀ ਬੂਟੀ ਨਹੀਂ,
ਟਾਕੀਆਂ ਚੋਂ ਝਾਕਦਾ ਉਸਦਾ ਜਿਸਮ ਦੇਖਦੇ ਨੇ
ਕੀ ਤੱਕਿਆ ਕਦੇ ਭੋਲੇ ਬਾਲਾਂ ਦੇ ਉਹਨਾਂ ਹੱਥਾਂ ਨੂੰ
ਛਾਲੇ ਪੈ ਗਏ ਜਿਨਾਂ ਤੇ ਪੱਥਰ ਤੋੜਦੇ ਤੋੜਦੇ
ਕੀ ਸੁਣਿਆ ਕਦੇ ਉਸ ਆਵਾਜ਼ ਚ ਛੁਪੀ ਲਿਚਾਰੀ ਨੂੰ
ਇੱਕ ਰੁਪਏ ਬਦਲੇ ਹੀ ਜੋ ਲੱਖ ਦੁਆਵਾਂ ਦਿੰਦੀ ਹੈ
ਨਹੀਂ ??? ਨਹੀਂ ਵੇਖਿਆ ਤੂੰ??
ਇੱਕ ਦਿਨ ਮਹਿਬੂਬ ਤੋਂ ਵਕਤ ਲੈ ਕੇ
ਜ਼ਰੂਰ ਜਾਵੀਂ ਉਸ ਕੁੱਲੀ ਵਿੱਚ
ਸੂਰਜ ਦੀ ਕਿਰਨ ਨੂੰ ਵੀ ਜਿਸਦਾ ਰਾਹ ਨਹੀਂ ਪਤਾ
ਤੈਨੂੰ ਜ਼ਿੰਦਗੀ ਦਾ ਇੱਕ ਨਵਾਂ ਨਾਮ ਜ਼ਰੂਰ ਸੁਣਾਈ ਦੇਵੇਗਾ

ik moi muskaan

ਲੰਘ ਗਮਾਂ ਦੇ ਸਾਗਰ ਨੂੰ
ਲੈ ਆਵੀਂ ਤੂੰ ਬੁੱਲਾਂ ਤੇ
ਦੁਨੀਆ ਨੂੰ ਭਰਮਾਉਣ ਲਈ
ਇੱਕ ਮੋਈ ਮੁਸਕਾਨ
ਪੱਥਰ ਅੱਖ ਲੁਕਾ ਕੇ ਲੰਘੀਂ
ਅਸਮਤ ਲੁੱਟੀ ਖਾਬਾਂ ਦੀ
ਕੱਜ ਲੈ ਪਰਦਾ ਬੇਪੱਤ ਹੋਈ
ਤੇਰੀ ਸਧਰ ਰਕਾਨ
ਚੰਨ ਨੇ ਤੈਨੂੰ ਗਲ ਨਾਲ ਲਾਇਆ
ਗੱਲ ਲੁਕਾ ਚਕੋਰੇ ਨੀਂ
ਚੰਨ ਨੂੰ ਇੰਝ ਬਦਨਾਮ ਨਾ ਕਰ
ਕੱਜ ਚੁੰਮਣ ਦੇ ਨਿਸ਼ਾਨ
ਸਾੜ ਜਿੰਨਾ ਦਾ ਅੰਨਿਆ ਕਰ ਜੇ
ਰੱਖ ਲੁਕਾ ਕੇ ਹੰਝੂਆਂ ਨੂੰ
ਨੈਣਾਂ ਨੂੰ ਕੋਈ ਸਜ਼ਾ ਦੇ ਐਸੀ
ਮੁੜ ਨਾ ਖਾਬ ਸਜਾਣ
ਸੋਗ ਗੀਤਾਂ ਨੂੰ ਛੱਡ ਕਿਤੇ
ਲਿਖ ਝੂਠੀ ਗੱਲ ਬਹਾਰਾਂ ਦੀ
ਚੱਲ ਹੁਣ ਗੰਗਾ ਰੋੜ ਵੀ ਦੇ
ਖਾਕ ਹੋਏ ਅਰਮਾਨ